Punjab

ਚੰਡੀਗੜ੍ਹ ‘ਚ ਅੱਜ ਖੁਲ੍ਹੀਆਂ ਦੁਕਾਨਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਦੁਕਾਨਦਾਰਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸਾਰੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇਗਾ। ਦੁਕਾਨਾਂ ‘ਤੇ ਆਉਣ ਵਾਲੇ ਸਾਰੇ ਗਾਹਕਾਂ ਅਤੇ ਹੋਰ ਲੋਕਾਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਾਉਣੇ ਪੈਣਗੇ। ਚੰਡੀਗੜ੍ਹ ‘ਚ ਕੱਲ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਅਧਿਕਾਰੀਆਂ ਦੀ ਇੱਕ ਵਾਰ-ਰੂਮ ਦੀ ਬੈਠਕ ‘ਚ ਕੁੱਝ ਮਹੱਤਵਪੂਰਨ ਫੈਸਲੇ ਲਏ ਗਏ ਹਨ।

ਇਸ ਮੀਟਿੰਗ ਵਿੱਚ ਕਿਹਾ ਗਿਆ ਹੈ ਕਿ ਜੇ ਸ਼ਹਿਰ ‘ਚ ਕਰੋਨਾ ਸਥਿਤੀ ‘ਚ ਕੋਈ ਸੁਧਾਰ ਨਹੀਂ ਹੋਇਆ ਤਾਂ ਪਾਬੰਦੀਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਪਾਬੰਦੀਆਂ ਦੁਬਾਰਾ ਲਾਗੂ ਕੀਤੀਆਂ ਜਾਣਗੀਆਂ। ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਜਾਰੀ ਰਹੇਗਾ। ਵੀਕੈਂਡ ਕਰਫਿਊ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ।

ਸਾਰੇ ਸ਼ਾਪਿੰਗ ਮਾਲ, ਸਿਨੇਮਾ ਹਾਲ, ਥੀਏਟਰ, ਅਜਾਇਬ ਘਰ, ਜਿਮ, ਲਾਇਬ੍ਰੇਰੀ, ਸਪਾ, ਸੈਲੂਨ, ਸੁਖਨਾ ਝੀਲ ਅਤੇ ਰਾਕ ਗਾਰਡਨ ਬੰਦ ਰਹਿਣਗੇ। ਰੈਸਟੋਰੈਂਟ ‘ਚ ਵੀ ਖਾਣ ਪੀਣ ਦੀ ਆਗਿਆ ਨਹੀਂ ਹੋਵੇਗੀ। ਹਾਲਾਂਕਿ, ਹੋਮ ਡਿਲਿਵਰੀ ਅਤੇ ਟੇਕ-ਅਵੇ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਸੰਪਰਕ ਕੇਂਦਰ ਖੁੱਲ੍ਹੇ ਰਹਿਣਗੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜਿੱਥੋਂ ਤੱਕ ਹੋ ਸਕੇ, ਨਿੱਜੀ ਖੇਤਰ ਦੇ ਕਰਮਚਾਰੀ ਘਰ ਤੋਂ ਕੰਮ ਕਰਨ ਦੀ ਕੋਸ਼ਿਸ਼ ਕਰਨ। ਖੇਡ ਕੇਂਦਰ ਰਾਸ਼ਟਰੀ ਖਿਡਾਰੀਆਂ ਅਤੇ ਓਲੰਪਿਕ ਅਤੇ ਨੈਸ਼ਨਲ ਖੇਡਾਂ ਦੀ ਤਿਆਰੀ ਕਰਨ ਵਾਲਿਆਂ ਲਈ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ਵਿੱਚ 31 ਮਈ ਤੱਕ ਲਾਕਡਾਊਨ ਲਾਗੂ ਹੈ।