ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸਰੂਪ’ ਨੂੰ ਅਣ-ਅਧਿਕਾਰਤ ਤੌਰ ‘ਤੇ ਛਾਪਣ ਅਤੇ ਗੁਰਬਾਣੀ ਨੂੰ ਕਥਿਤ ਤੌਰ ‘ਤੇ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਹੇਠ ਅਮਰੀਕਾ ਵਿੱਚ ਰਹਿੰਦੇ ਥਮਿੰਦਰ ਸਿੰਘ ਆਨੰਦ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਸੱਦੀ ਪੰਥਕ ਇਕੱਤਰਤਾ ਵਿੱਚ ਸਿੱਖ ਵਿਦਵਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਿੱਖ ਕੌਮ ਦੇ ਨਾਂ ਇੱਕ ਸੰਦੇਸ਼ ਜਾਰੀ ਕੀਤਾ ਹੈ।
ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ ਵੱਲੋਂ ਸੋਧੇ ਹੋਏ ਆਫ਼ਲਾਈਨ ਅਤੇ ਆਨਲਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਲਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਇਸ ਪਿੱਛੇ ਆਪਣੀ ਮਨਸ਼ਾ ਸਪੱਸ਼ਟ ਕਰੇ ਅਤੇ ਇਸ ਸਬੰਧੀ ਉਸਦੇ ਮਗਰ ਜੋ ਟੀਮ ਕੰਮ ਕਰਦੀ ਹੈ, ਉਨ੍ਹਾਂ ਦੇ ਨਾਂ ਜਨਤਕ ਕਰੇ ਅਤੇ ਸਾਰਾ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰੇ। ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਸਪੱਸ਼ਟੀਕਰਨ ਨਹੀਂ ਦਿੰਦਾ, ਉਦੋਂ ਤੱਕ ਉਸਨੂੰ ਤਨਖਾਹੀਆ ਐਲਾਨਿਆ ਜਾਂਦਾ ਹੈ। ਜਥੇਦਾਰ ਨੇ ਸਾਰੇ ਸਿੱਖਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਥਮਿੰਦਰ ਸਿੰਘ ਦੇ ਨਾਲ ਕਿਸੇ ਤਰ੍ਹਾਂ ਦਾ ਮਿਲਵਰਤਣ, ਸਾਂਝ ਨਾ ਰੱਖੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਵਾਸੀ ਥਮਿੰਦਰ ਸਿੰਘ ਨੇ ਆਪਣੇ ਮਨਮਰਜ਼ੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਬਦੀਲੀਆਂ ਕੀਤੀਆਂ ਹਨ। ਦੇਸ਼ਾਂ ਵਿਦੇਸ਼ਾਂ ਤੋਂ ਇਸ ਮਾਮਲੇ ਸਬੰਧੀ ਈਮੇਲ ਅਤੇ ਮੈਸੇਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਜਿਨ੍ਹਾਂ ਨੂੰ ਅੱਜ ਦੀ ਇਕੱਤਰਤਾ ਵਿੱਚ ਵਾਚਿਆ ਗਿਆ। ਇਸਦੇ ਨਾਲ ਹੀ ਜਥੇਦਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਿੰਨੀਆਂ ਵੀ ਖ਼ਾਲਸਾ ਪੰਥ ਦੀਆਂ ਸੰਪਰਦਾਵਾਂ ਹਨ, ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬੰਦੀ ਸਿੰਘ ਜੋ ਲੰਮੇ ਸਮੇਂ ਤੋਂ ਜੇ ਲ੍ਹ ਵਿੱਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕਰਵਾਉਣ ਵਾਸਤੇ ਸਾਂਝੇ ਰੂਪ ਵਿੱਚ ਸਾਰੇ ਯਤਨ ਆਰੰਭ ਕਰਨ। ਜਥੇਦਾਰ ਨੇ ਪਿੰਡ ਰੋਡੇ ਵਿੱਚ ਜੋ ਸਿੰਘ ਟਾਵਰ ਉੱਤੇ ਸਿੰਘ ਬੈਠੇ ਹੋਏ ਹਨ, ਆਦੇਸ਼ ਦਿੰਦਿਆਂ ਕਿਹਾ ਕਿ ਆਤਮ ਹੱਤਿਆ ਕਰਨੀ ਸਿੱਖ ਪੰਥ ਦਾ ਸਿਧਾਂਤ ਨਹੀਂ ਹੈ, ਇਸ ਕਰਕੇ ਉਹ ਗੁਰੂ ਘਰ ਦੀਆਂ ਸੰਪਰਦਾਵਾਂ ਦਾ ਸਹਿਯੋਗ ਕਰਨ।
ਜਥੇਦਾਰ ਨੇ ਓਅੰਕਾਰ ਸਿੰਘ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਗਰਬਾਣੀ ਸੋਧਾਂ ਦੇ ਨਾਮ ਹੇਠ ਕੀਤੇ ਜਾ ਰਹੇ ਕਾਰਜਾਂ ਨੂੰ ਤੁਰੰਤ ਬੰਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਾਰਾ ਰਿਕਾਰਡ ਪੇਸ਼ ਕਰੇ ਅਤੇ ਆਪਣੇ ਕੰਮਾਂ ਦੀ ਗੁਰੂ ਪੰਥ ਪਾਸੋਂ ਭੁੱਲ ਬਖਸ਼ਾਵੇ।
ਜਥੇਦਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੱਥੀਂ ਲਿਖਣ ਦੀ ਸੇਵਾ ਬਾਰੇ ਪਹੁੰਚੀ ਮੰਗ ਬਾਰੇ ਫੈਸਲਾ ਕੀਤਾ ਕਿ ਜੋ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਹੱਥੀਂ ਲਿਖਣ ਦੀ ਸੇਵਾ ਕਰਨਾ ਚਾਹੁੰਦੀਆਂ ਹਨ, ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਧਰਮ ਪ੍ਰਚਾਰ ਕਮੇਟੀ ਪਾਸੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਨਿਯਮਾਵਲੀ ਦੀਆਂ ਸ਼ਰਤਾਂ ਪੂਰੀਆਂ ਕਰਕੇ ਆਗਿਆ ਦਾ ਪੱਤਰ ਪ੍ਰਾਪਤ ਕਰਨ ਉਪਰੰਤ ਸੇਵਾ ਕਰ ਸਕਦੀਆਂ ਹਨ।
ਜਥੇਦਾਰ ਨੇ ਕਿਹਾ ਕਿ ਇੰਟਰਨੈੱਟ ਉੱਪਰ ਚੱਲ ਰਹੇ 21 ਦੇ ਕਰੀਬ ਗੁਰਬਾਣੀ ਐਪਸ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਕਰਵਾਈ ਗਈ ਹੈ। ਕੇਵਲ ‘ਨਿਤਨੇਮ’ ਦੇ ਪਾਠ ਵਿੱਚ ਕਈ ਤਰੁੱਟੀਆਂ ਪਾਈਆਂ ਗਈਆਂ ਹਨ। ਜਥੇਦਾਰ ਨੇ ਇੰਟਰਨੈੱਟ ਉੱਪਰ ਚੱਲ ਰਹੇ ਗੁਰਬਾਣੀ ਐਪਸ ਦੀ ਇੱਕ ਮਹੀਨੇ ਦੇ ਅੰਦਰ ਸੁਧਾਈ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕਰਵਾ ਕੇ ਐਪਸ ਨੂੰ ਬੰਦ ਕਰਵਾਇਆ ਜਾਵੇਗਾ।