‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਡੇਰਾ ਸਿਰਸਾ ਦੇ ਬਲਾਤਕਾਰੀ ਅਤੇ ਕਾਤਲ ਮੁਖੀ ਰਾਮ ਰਹੀਮ ਦੀ ਰਿਹਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਪੂਰੇ ਕਰਨ ਦੀ ਅਰਦਾਸ ਕਰਨ ਵਾਲੇ ਗ੍ਰੰਥੀ ਗੁਰਮੇਲ ਸਿੰਘ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਠਿੰਡਾ ਦੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਕੇ ਗੁਰਮੇਲ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਗ੍ਰੰਥੀ ਗੁਰਮੇਲ ਸਿੰਘ ਖਿਲਾਫ ਧਾਰਾ 295 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਬੀਜੇਪੀ ਦਾ ਮਿਲਿਆ ਸਾਥ
ਬੀਜੇਪੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਗੁਰਮੇਲ ਸਿੰਘ ਦੀ ਗ੍ਰਿਫਤਾਰੀ ‘ਤੇ ਕੌਮੀ ਐੱਸ.ਸੀ. ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ। ਸਰਾਂ ਵੱਲੋਂ ਕੀਤੀ ਗਈ ਸ਼ਕਾਇਤ ਦੇ ਅਧਾਰ ‘ਤੇ ਕਮਿਸ਼ਨ ਦੇ ਚੇਅਰਮੈਨ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਬਠਿੰਡਾ ਦੇ ਐੱਸ.ਐੱਸ.ਪੀ ਤੋਂ ਇਸ ਗ੍ਰਿਫਤਾਰੀ ਸਬੰਧੀ ਰਿਪੋਰਟ ਮੰਗੀ ਹੈ। ਜਾਣਕਾਰੀ ਮੁਤਾਬਕ ਕਮਿਸ਼ਨ ਨੇ ਰਿਪੋਰਟ ਦੇਣ ਲਈ ਦੋਵਾਂ ਅਧਿਕਾਰੀਆਂ ਨੂੰ ਕੋਈ ਸਮਾਂ ਨਹੀਂ ਦਿੱਤਾ ਬਲਕਿ ਮੋੜਵੇਂ ਰੂਪ ’ਚ ਈਮੇਲ ਜਾਂ ਫੈਕਸ ਰਾਹੀਂ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ।
ਸੁਖਪਾਲ ਸਰਾਂ ਨੇ ਕੀ ਸ਼ਿਕਾਇਤ ਕੀਤੀ ਸੀ ?
ਸੁਖਪਾਲ ਸਰਾਂ ਨੇ ਕਮਿਸ਼ਨ ਨੂੰ ਸ਼ਕਾਇਤ ਕੀਤੀ ਸੀ ਪਿੰਡ ਬੀੜ ਤਲਾਬ ’ਚ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਗੁਰਦੁਆਰਾ ਸਾਹਿਬ ’ਚ ਪ੍ਰਧਾਨ ਮੰਤਰੀ ਨਰਿੰਦਰ ਵੱਲੋਂ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਸਰਬੱਤ ਦਾ ਭਲਾ ਮੰਗਿਆ ਸੀ। ਇਸ ਤੋਂ ਗੁੱਸੇ ਹੋ ਕੇ ਪੰਜਾਬ ਪੁਲਿਸ ਨੇ ਕਾਂਗਰਸ ਦੇ ਇਸ਼ਾਰੇ ‘ਤੇ ਦਲਿਤ ਭਾਈਚਾਰੇ ਦੇ ਗ੍ਰੰਥੀ ਗੁਰਮੇਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਥਾਣੇ ਲੈ ਗਈ।
ਸੁਖਪਾਲ ਸਰਾਂ ਨੇ ਇਸ ਨੂੰ ਨਜ਼ਾਇਜ ਕਰਾਰ ਦਿੰਦਿਆਂ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਸੀ। ਸੁਖਪਾਲ ਸਿੰਘ ਸਰਾਂ ਦਾ ਕਹਿਣਾ ਸੀ ਕਿ ਇਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨਾਲ ਜੁੜਿਆ ਮਾਮਲਾ ਹੈ, ਜਿਸ ਲਈ ਕਥਿਤ ਸਿਆਸੀ ਇਸ਼ਾਰੇ ਤਹਿਤ ਗ੍ਰੰਥੀ ਗੁਰਮੇਲ ਸਿੰਘ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਗੁਰਮੇਲ ਸਿੰਘ ਨੂੰ ਫੌਰੀ ਤੌਰ ‘ਤੇ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ।
ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਆਰਟੀਕਲ 338 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੋਵਾਂ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਫੈਕਸ ਜਾਂ ਈਮੇਲ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਵੱਲੋਂ ਜਾਰੀ ਪੱਤਰ ’ਚ ਕਈ ਤਰ੍ਹਾਂ ਦੀ ਸੂਚਨਾ ਮੰਗੀ ਗਈ ਹੈ ਅਤੇ ਫੈਕਸ ਨੰਬਰ ‘ਤੇ ਈਮੇਲ ਵੀ ਦਿੱਤੀ ਹੈ।