ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਰਕਾਰੀ ਕਾਲਜ ਬਚਾਓ ਮੰਚ ਨੇ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਚ ਮੀਟਿੰਗ ਦੌਰਾਨ ਮੰਚ ਦੀ ਤਾਲਮੇਲ ਕਮੇਟੀ ਦਾ ਪੁਨਰਗਠਨ ਕੀਤਾ ਤੇ ਅਗਲੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਮੰਚ ਨੇ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਕਰਵਾਉਣ, ਨਵੇਂ ਸਰਕਾਰੀ ਕਾਲਜ ਖੋਲ੍ਹਣ ਅਤੇ ਇਹਨਾਂ ਕਾਲਜਾਂ ਲਈ ਨਵੀਆਂ ਰੈਗੂਲਰ ਪੋਸਟਾਂ ਸਥਾਪਿਤ ਕਰਨ ਦੀਆਂ ਮੰਗਾਂ ਉੱਤੇ ਵਿਚਾਰ ਵਟਾਂਦਰਾ ਕੀਤਾ।

ਤਾਲਮੇਲ ਕਮੇਟੀ ਨੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਇਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਇਸਨੂੰ ਪੰਜਾਬ ਪੱਧਰ ‘ਤੇ ਫੈਲਾਇਆ ਜਾਵੇਗਾ।ਪੰਜਾਬ ਦੀਆਂ ਵਿਦਿਆਰਥੀ ਜਥੰਬੰਦੀਆਂ ਤੋਂ ਵੀ ਇਸ ਸੰਘਰਸ਼ ਵਿੱਚ ਸਹਿਯੋਗ ਲਿਆ ਜਾਵੇਗਾ।ਪੰਜਾਬ ਸਰਕਾਰ ਤੋਂ ਸਰਕਾਰੀ ਕਾਲਜਾਂ ਦੀਆਂ ਖਾਲੀ ਪਈਆਂ ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਲਈ ਪੱਕੀ ਭਰਤੀ ਕਰਨ ਦੀ ਫੌਰੀ ਮੰਗ ਸਮੇਤ ਹੋਰ ਮੰਗਾਂ ਉਠਾਉਂਦੇ ਹੋਏ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਭਰ ਵਿੱਚ ਸੰਘਰਸ਼ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ।

ਮੰਚ ਨੇ ਐਲਾਨ ਕੀਤਾ ਕਿ ਹਜਾਰਾਂ ਬੇਰੁਜਗਾਰਾਂ ਅਧਿਆਪਕਾਂ ਤੱਕ ਸਰਕਾਰੀ ਕਾਲਜ ਬਚਾਉ ਮੰਚ ਦਾ ਮੰਗ ਪੱਤਰ ਭੇਜ ਕੇ ਪੰਜਾਬ ਪੱਧਰੀ ਦਸਤਖਤ ਮੁਹਿੰਮ ਚਲਾਈ ਜਾਵੇਗੀ ਤੇ ਇਹ ਮੰਗ ਪੱਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਏ ਜਾਣਗੇ। ਇਸ ਮੀਟਿੰਗ ਵਿੱਚ ਡਾ. ਰਵੀਦਿੱਤ ਸਿੰਘ, ਡਾ. ਗੁਰਦੀਪ ਸਿੰਘ, ਬਲਵਿੰਦਰ ਚਹਿਲ, ਮਨਪ੍ਰੀਤ ਜਸ,ਕਰਮਜੀਤ ਵੜੈਚ,ਡਾ. ਕੁਲਬੀਰ ਸਿੰਘ ਬਾਦਲ, ਗੁਰਪ੍ਰੀਤ ਫਾਜ਼ਿਲਕਾ, ਬਲਵੀਰ, ਕਮਲੇਸ਼, ਸਰਬਜੀਤ ਕੌਰ, ਬਲਕਾਰ,ਜੱਗੀ ਹਮੀਰਗੜ੍ਹ,ਹਰਪ੍ਰੀਤ, ਪ੍ਰਿਤਪਾਲ, ਨਿਰਭੈ, ਗੁਰਸੇਵਕ, ਰਮਨਦੀਪ ਆਦਿ ਮੌਜੂਦ ਸਨ।

Leave a Reply

Your email address will not be published. Required fields are marked *