India Punjab

ਰਾਜਪਾਲ ਕਟਾਰੀਆ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ, ਪੰਜਾਬ-ਹਰਿਆਣਾ ਨੂੰ ਮਿਲ-ਜੁਲ ਕੇ ਬੈਠਣ ਦੀ ਸਲਾਹ

ਬਿਊਰੋ ਰਿਪੋਰਟ (ਪਟਿਆਲਾ, 13 ਸਤੰਬਰ): ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਘੱਗਰ ਦੀ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਤੇ ਹਰਿਆਣਾ ਨੂੰ ਆਪਸ ਵਿੱਚ ਮਿਲ-ਜੁਲ ਕੇ ਬੈਠਣ ਦੀ ਸਲਾਹ ਦਿੱਤੀ ਹੈ। ਉਹ ਅੱਜ ਜ਼ਿਲ੍ਹੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਟਿਆਲਾ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ ਐਸ ਪੀ ਸ਼੍ਰੀ ਵਰੁਣ ਸ਼ਰਮਾ ਸਮੇਤ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੜ੍ਹਾਂ ਬਾਰੇ ਜਾਇਜ਼ਾ ਬੈਠਕ ਕੀਤੀ। ਇਸ ਮਗਰੋਂ ਉਨ੍ਹਾਂ ਨੇ ਸਰਾਲਾ ਹੈਡ ਦਾ ਦੌਰਾ ਕਰਕੇ ਘੱਗਰ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਹਦਾਇਤ ਕੀਤੀ ਕਿ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ‌ਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ 1988 ਦੇ ਹੜ੍ਹਾਂ ਤੋਂ ਵੀ ਜਿਆਦਾ ਪਾਣੀ ਆਉਣ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ‌ਕਿ ਇਸ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਪੁਖਤਾ ਕਦਮ ਉਠਾਏ ਗਏ ਹਨ ਅਤੇ ਅੱਜ ਤੋਂ ਵਿਸ਼ੇ਼ਸ ਗਿਰਦਾਵਰੀ ਵੀ ਸ਼ੁਰੂ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਇਹ ਸ਼ਲਾਘਾਯੋਗ ਹੈ ਕਿ ਰਾਜ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ, ਪੁਲਿਸ, ਫੌਜ ਅਤੇ ਆਮ ਲੋਕਾਂ ਨੇ ਬਹੁਤ ਵਧੀਆ ਤਾਲਮੇਲ ਦਿਖਾਇਆ ਹੈ।

ਰਾਜਪਾਲ ਕਟਾਰੀਆ ਨੇ ਕਿਹਾ ਕਿ ਘੱਗਰ ਨਦੀ ਵਿੱਚ ਆਉਂਦੇ ਵਾਧੂ ਪਾਣੀ ਕਰਕੇ ਪੰਜਾਬ ਤੇ ਹਰਿਆਣਾ ਦਾ ਚੋਖਾ ਨੁਕਸਾਨ ਹੁੰਦਾ ਹੈ, ਜਿਸ ਕਰਕੇ ਦੋਵਾਂ ਸੂਬਿਆਂ ਨੂੰ ਆਪਸ ‘ਚ ਮਿਲ-ਜੁਲਕੇ ਬੈਠਣਾ ਚਾਹੀਦਾ ਹੈ ਅਤੇ ਦੁਵੱਲੀ ਸਹਿਮਤੀ ਨਾਲ ਕੀਤੇ ਜਾਣ ਵਾਲੇ ਫ਼ੈਸਲੇ ਬਾਰੇ ਸੁਪਰੀਮ ਕੋਰਟ ਨੂੰ ਵੀ ਜਾਣੂ ਕਰਵਾਇਆ ਜਾਵੇ ਤਾਂ ਕਿ 35 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਨਿਪਟਾਰਾ ਕਰਕੇ ਇਸ ਮਸਲੇ ਦਾ ਸਥਾਈ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਲ ਨਿਕਾਸ ਵਿਭਾਗ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਕਿ ਮਕਰੌੜ ਸਾਹਿਬ ਤੋਂ ਕੜੈਲ ਤੱਕ ਘੱਗਰ ਨੂੰ ਚੌੜਾ ਕਰਨਾ ਤੇ ਹਾਂਸੀ ਬੁਟਾਣਾ ਨਹਿਰ ਤੇ ਇਸਦੇ ਸਾਇਫਨਾਂ ਦਾ ਮਸਲਾ ਹੈ, ਜਿਸ ਨੂੰ ਹੱਲ ਕਰਨ ਦੀ ਲੋੜ ਹੈ।

ਇੱਕ ਸਵਾਲ ਦਾ ਜਵਾਬ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਹੜ੍ਹਾਂ ‘ਚ ਹੋਏ ਨੁਕਸਾਨ ਦੇ ਫੌਰੀ ਹੱਲ ਵਜੋਂ ਪੰਜਾਬ ਨੂੰ 1600 ਕਰੋੜ ਦਿੱਤਾ ਗਿਆ ਹੈ ਤੇ ਹੋਰ ਨੁਕਸਾਨ ਬਾਰੇ ਅਗਲੇ ਦਿਨਾਂ ‘ਚ ਜੋ ਵੀ ਅਨੁਮਾਨ ਹੋਵੇਗਾ ਉਸ ਬਾਰੇ ਕੇਂਦਰ ਜ਼ਰੂਰ ਸਹਿਯੋਗ ਕਰੇਗਾ।ਰਾਜਪਾਲ ਨੇ ਕਿਹਾ ਕਿ ਡੈਮਾਂ ‘ਚ ਪਾਣੀ ਦੀ ਸਮਰੱਥਾ ਤੇ ਪਾਣੀ ਵਧਣ ਬਾਰੇ ਸਮੇਂ ਸਿਰ ਜਾਣਕਾਰੀ ਤੇ ਸੂਚਨਾ ਸਾਂਝੀ ਹੋਣਾ ਲਾਜ਼ਮੀ ਹੈ ਅਤੇ ਇਸ ‘ਤੇ ਤਕਨੀਕੀ ਢੰਗ ਨਾਲ ਕੰਮ ਕਰ ਕੇ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਮਿੱਟੀ ਆਉਣ ਕਰਕੇ ਡੈਮਾਂ ਦੀ ਸਮਰੱਥਾ ਘਟੀ ਹੋ ਸਕਦੀ ਹੈ ਪਰੰਤੂ ਇਨ੍ਹਾਂ ਦੀ ਸੁਰੱਖਿਆ ਉਪਰ ਕੋਈ ਸੰਦੇਹ ਨਹੀਂ ਹੈ।

ਇਸ ਤੋਂ ‌ਪਹਿਲਾਂ ਪ੍ਰਸ਼ਾਸਨ ਨਾਲ ਬੈਠਕ ਦੌਰਾਨ ਸ੍ਰੀ ਗੁਲਾਬ ਚੰਦ ਕਰਾਰੀਆ ਨੇ ਕਿਹਾ ਕਿ ਪਛਾਣ ਕੀਤੀਆਂ 60 ਦੇ ਕਰੀਬ ਥਾਂਵਾਂ ‘ਤੇ ਘੱਗਰ ਦੇ ਬੰਨ੍ਹ ਪੱਕੇ ਕਰਨ ਦੀ ਲੋੜ ਹੈ ਤੇ ਸਮੇਂ ਸਮੇਂ ‘ਤੇ ਨਜ਼ਰ ਵੀ ਰੱਖਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰਾਜਪਾਲ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਸਮੇਤ ਘੱਗਰ, ਟਾਂਗਰੀ ਅਤੇ ਮਾਰਕੰਡਾ ਨਦੀਆਂ ਦੇ ਨਾਲ ਨੁਕਸਾਨ ਤੋਂ ਜਾਣੂ ਕਰਵਾਇਆ।