Punjab

ਪੰਜਾਬ ਸਰਕਾਰ ਲੋਕਾਂ ਦੇ ਦੁਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਘਰੀਂ ਆ ਕੇ ਸਮੱਸਿਆਵਾਂ ਸੁਣੇਗੀ। ਉਨ੍ਹਾਂ ਨੇ ਕਿਹਾ ਕਿ ਜੇ ਵੋਟਰਾਂ ਦੇ ਦਰਵਾਜ਼ਿਆਂ ਉੱਤੇ ਜਾ ਕੇ ਵੋਟਾਂ ਮੰਗੀਆਂ ਜਾ ਸਕਦੀਆਂ ਹਨ ਤਾਂ ਉਨ੍ਹਾਂ ਦੀ ਲੋੜ ਵੇਲੇ ਸਰਦਲ ਉੱਤੇ ਆ ਕੇ ਖੜਨ ਦੀ ਵੀ ਡਿਊਟੀ ਬਣਦੀ ਹੈ। ਮੁੱਖ ਮੰਤਰੀ ਜਿਹੜੇ ਕਿ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਕਿ ਪੰਜਾਬ ਸਰਕਾਰ ਲੋਕਾਂ ਵੱਲੋਂ, ਲੋਕਾਂ ਲਈ ਅਤੇ ਲੋਕਾਂ ਦੀ ਹੈ।

ਉਨ੍ਹਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪਹਿਲ ਦੇ ਆਧਾਰ ਉੱਤੇ ਹੱਲ ਕੀਤੀਆਂ ਜਾਣਗੀਆਂ। ਸਰਕਾਰ ਕਿਸਾਨਾਂ ਵਾਸਤੇ ਇੱਕ ਨਵੀਂ ਯੋਜਨਾ ਤਿਆਰ ਕਰ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਹੱਦ ਪਾਰੋਂ ਆਪਣੇ ਖੇਤਾਂ ਵਿੱਚ ਜਾਣ ਲਈ ਸ਼ਨਾਖਤੀ ਕਾਰਡ ਦਿਖਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਪੁਲਿਸ ਅਤੇ ਫ਼ੌਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ। ਇਹ ਵੀ ਕਹਿਣਾ ਸੀ ਕਿ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸਮਝੌਤਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪੁਲਿਸ ਦੇ ਜਵਾਨਾਂ ਦੇ ਜਨਮ ਦਿਨ ਉੱਤੇ ਸ਼ੁਭਕਾਮਨਾਵਾਂ ਵਾਲਾ ਵਧਾਈ ਕਾਰਡ ਭੇਜਣ ਦਾ ਫੈਸਲਾ ਮੁੜ ਦੁਹਰਾਇਆ। ਪੰਜਾਬ ਦੇ ਗਵਰਨਰ ਅਤੇ ਚੰਡੀਗੜ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੀ ਇਸ ਮੌਕੇ ਮੌਜੂਦ ਸਨ। ਮੁੱਖ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਰਾਜਪਾਲ ਦੇ ਨਾਲ ਹਵਾਈ ਸਫ਼ਰ ਕਰਨ ਦਾ ਮੌਕਾ ਮਿਲਿਆ ਹੈ। ਉਂਝ, ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਆਸਤ ਵਿੱਚ ਬਹੁਤ ਘੱਟ ਹੁੰਦਾ ਹੈ ਜਦੋਂ ਕਿਸੇ ਸੂਬੇ ਦਾ ਗਵਰਨਰ ਅਤੇ ਮੁੱਖ ਮੰਤਰੀ ਇੱਕੋ ਜਹਾਜ਼ ਵਿੱਚ ਸਵਾਰ ਹੋ ਕੇ ਕਿਸੇ ਸਮਾਗਮ ਵਿੱਚ ਸਾਂਝੇ ਤੌਰ ਉੱਤੇ ਸ਼ਿਰਕਤ ਹੋਣ।

ਇਸ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪਾਕਿਸਤਾਨ ਦੀਆਂ ਗਤੀਵਿਧੀਆਂ ਵਧਣ ਉੱਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਪਾਕਿਸਤਾਨ ਵਿੱਚ ਸਰਕਾਰ ਪਲਟਣ ਦੇ ਹਾਲਾਤ ਬਣੇ ਹਨ ਤਾਂ ਭਾਰਤ ਵਿਰੋਧੀ ਕਾਰਵਾਈਆਂ ਵਧਣ ਦਾ ਹੋਰ ਡਰ ਬਣਨ ਲੱਗਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਗੁਆਂਢੀ ਦੇਸ਼ ਦੇ ਡਰੋਨ ਫੁੰਡਣ ਵਾਸਤੇ ਕੋਈ ਰਣਨੀਤੀ ਅਪਨਾਉਣ ਲਈ ਵਿਚਾਰ ਵਟਾਂਦਰਾ ਕਰਨਗੇ। ਉਨ੍ਹਾਂ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਵਾਸਤੇ ਮੁਆਵਜ਼ਾ ਵਧਾਏ ਜਾਣ ਦੇ ਸੰਕੇਤ ਵੀ ਦਿੱਤੇ। ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੀ ਸੰਬੋਧਨ ਕੀਤਾ।