ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਰਾਹੀਂ ਬਣਾਈਆਂ ਜਾ ਰਹੀਆਂ ਅਪਮਾਨਜਨਕ ਵੀਡੀਓਜ਼ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਅਤੇ ਭਾਰਤ ਸਰਕਾਰ ਨੂੰ ਇਸ ਵਰਤਾਰੇ ਨੂੰ ਰੋਕਣ ਲਈ ਤੁਰੰਤ ਅਤੇ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ, ਜੋ ਸਰਬ-ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਪ੍ਰੇਮ ਦਾ ਸੁਨੇਹਾ ਦਿੰਦਾ ਹੈ। ਇਸ ਦੇ ਚਾਰ ਦਰਵਾਜ਼ੇ ਸਮੁੱਚੀ ਮਨੁੱਖਤਾ ਲਈ ਖੁੱਲ੍ਹੇ ਹਨ। ਪਰ ਮੌਜੂਦਾ ਸਮੇਂ ਵਿੱਚ ਏਆਈ ਤਕਨੀਕ ਦੀ ਦੁਰਵਰਤੋਂ ਕਰਦਿਆਂ ਸ਼ਰਾਰਤੀ ਅਨਸਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਪ੍ਰਬੰਧਾਂ ਬਾਰੇ ਨਕਲੀ ਅਤੇ ਅਪਮਾਨਜਨਕ ਵੀਡੀਓਜ਼ ਬਣਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ।ਜਥੇਦਾਰ ਨੇ ਚਿੰਤਾ ਜ਼ਾਹਰ ਕੀਤੀ ਕਿ ਅਜਿਹੀਆਂ ਵੀਡੀਓਜ਼ ਬਣਾਉਣ ਵਾਲਿਆਂ ਨੂੰ ਸ਼ਿਕਾਇਤਾਂ ਦੇ ਬਾਵਜੂਦ ਸਰਕਾਰਾਂ ਵੱਲੋਂ ਹੁਣ ਤੱਕ ਨਸ਼ਰ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਨੀਅਤ ‘ਤੇ ਸਵਾਲ ਉਠਾਇਆ, ਕਿਉਂਕਿ ਅਜਿਹੇ ਮਾਮਲਿਆਂ ਵਿੱਚ ਸਰਕਾਰਾਂ ਦੀ ਉਦਾਸੀਨਤਾ ਸਪੱਸ਼ਟ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੀ ਸਮੱਗਰੀ ਕਿਸੇ ਸਰਕਾਰੀ ਮੰਤਰੀ ਜਾਂ ਹੋਰ ਵਿਅਕਤੀ ਬਾਰੇ ਹੁੰਦੀ, ਤਾਂ ਸਰਕਾਰ ਕੁਝ ਘੰਟਿਆਂ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦੀ। ਪਰ ਸਿੱਖਾਂ ਨਾਲ ਸਬੰਧਤ ਮਾਮਲਿਆਂ ਵਿੱਚ ਜਾਂਚ ਏਜੰਸੀਆਂ ਦੀ ਢਿੱਲ-ਮੱਠ ਨਜ਼ਰ ਆਉਂਦੀ ਹੈ, ਜੋ ਸਿੱਖ ਭਾਵਨਾਵਾਂ ਨੂੰ ਜਾਣਬੁੱਝ ਕੇ ਦਬਾਉਣ ਦਾ ਅਹਿਸਾਸ ਕਰਵਾਉਂਦੀ ਹੈ। ਇਸ ਨਾਲ ਸ਼ਰਾਰਤੀ ਅਨਸਰ ਹੋਰ ਅਜਿਹੀ ਸਮੱਗਰੀ ਫੈਲਾਉਣ ਲਈ ਉਤਸ਼ਾਹਿਤ ਹੁੰਦੇ ਹਨ।ਜਥੇਦਾਰ ਨੇ ਸਰਕਾਰਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੀ ਤੁਰੰਤ ਪਛਾਣ ਕਰਕੇ, ਉਨ੍ਹਾਂ ਨੂੰ ਜਨਤਕ ਕਰਨ ਅਤੇ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਵੀਡੀਓਜ਼ ਬਣਾਉਣ ਵਾਲਿਆਂ ਦੇ ਮਨ ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖਾਂ ਪ੍ਰਤੀ ਡੂੰਘੀ ਨਫ਼ਰਤ ਹੈ। ਇਸ ਤੋਂ ਇਲਾਵਾ, ਪਿਛਲੇ ਸਮੇਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀਆਂ ਧਮਕੀਆਂ ਵਾਲੀਆਂ ਈ-ਮੇਲਾਂ ਬਾਰੇ ਵੀ ਸਰਕਾਰ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਸਾਰੀਆਂ ਏਆਈ ਕੰਪਨੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਸਾਰੇ ਧਰਮਾਂ ਦੇ ਸਰੋਕਾਰਾਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪਹਿਲਾਂ ਵੀ ਏਆਈ ਐਪਲੀਕੇਸ਼ਨਾਂ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਬਾਰੇ ਗਲਤ ਜਾਣਕਾਰੀ ਸਾਹਮਣੇ ਆਈ ਹੈ।ਜਥੇਦਾਰ ਨੇ ਸਿੱਖ ਸੰਗਤ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਅਪਮਾਨਜਨਕ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਨਾ ਕੀਤਾ ਜਾਵੇ, ਸਗੋਂ ਸਬੰਧਤ ਪਲੇਟਫਾਰਮ ‘ਤੇ ਰਿਪੋਰਟ ਕੀਤਾ ਜਾਵੇ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਕੇ ਏਆਈ ਮਾਹਰਾਂ ਨਾਲ ਮੀਟਿੰਗ ਕਰਨ ਦੀ ਯੋਜਨਾ ਬਣਾਈ, ਜਿਸ ਨਾਲ ਇਸ ਵਰਤਾਰੇ ਨੂੰ ਨੀਤੀਗਤ ਢੰਗ ਨਾਲ ਰੋਕਿਆ ਜਾ ਸਕੇ। ਸਿੱਖ ਏਆਈ ਮਾਹਰਾਂ ਨੂੰ ਸੁਝਾਅ ਭੇਜਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਈ-ਮੇਲ info@sriakaltakhatsahibji.net ਜਾਂ info@sgpc.net ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ।