ਮਲੇਰਕੋਟਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਲੇਰਕੋਟਲਾ ਵਿਖੇ ਰਿਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੇ ਪੈਸੇ, ਸਮਾਂ ਬਚਾਉਣ ਤੇ ਖੱਜਲ-ਖ਼ੁਆਰੀ ਨੂੰ ਘਟਾਉਣ ਲਈ ਲੱਗੀ ਹੋਈ ਹੈ।
ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਨਾਲ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਮਾਨ ਨੇ ਕਿਹਾ ਕਿ ਅਸੀਂ ਬੇਵਜ੍ਹਾ ਕਿਸੇ ਨੂੰ ਮਰਨ ਨਹੀਂ ਦੇਣਾ। ਮੁੱਖ ਮੰਤਰੀ ਮਾਨ ਨੇ ਬਾਹਰਲੇ ਦੇਸ਼ਾਂ ਦੇ ਟਰੈਫ਼ਿਕ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਾਹਰਲੇ ਦੇਸ਼ ਟਰੈਫ਼ਿਕ ਵੱਲ ਬਹੁਤ ਧਿਆਨ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਹੋਰ ਡਰਾਈਵਿੰਗ ਟਰੇਨਿੰਗ ਕੇਂਦਰ ਖੌਲੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਪੰਜਾਬ ‘ਚ ਨਵੀਂ ਸੜਕ ਸੁਰੱਖਿਆ ਫੋਰਸ ਬਣੇਗੀ। ਇਹ ਸੜਕ ਸੁਰੱਖਿਆ ਫੋਰਸ ਸੜਕ ‘ਤੇ ਪੈਟਰੋਲਿੰਗ ਕਰੇਗੀ। ਉਚੇਚੇ ਤੌਰ ‘ਤੇ ਇਸ ਕੰਮ ਲਈ ਫੋਰਸ ਨੂੰ ਨਵੀਆਂ ਗੱਡੀਆਂ ਮਿਲਣਗੀਆਂ। ਅਮਰੀਕਾ-ਕੈਨੇਡਾ ਦੀ ਤਰਜ਼ ‘ਤੇ ਇਸ ਫੋਰਸ ਨੂੰ ਵੱਖਰੇ ਰੰਗ ਦੀਆਂ ਗੱਡੀਆਂ ਮਿਲਣਗੀਆਂ।
ਸੀਐੱਮ ਮਾਨ ਨੇ ਕਿਹਾ ਕਿ ਸੂਬੇ ਵਿੱਚ ਖ਼ਤਰਨਾਕ ਮੋੜਾਂ ਨੂੰ ਸਹੀ ਬਣਾਵਾਂਗੇ ਕਿਉਂਕਿ ਅਸੀਂ ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਰੋਕਣਾ ਹੈ। ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਬਣਾਉਣ ਦਾ ਮਕਸਦ ਇਹ ਹੈ ਕਿ ਪੰਜਾਬ ‘ਚ ਹਰ ਰੋਜ਼ ਹਾਦਸਿਆਂ ‘ਚ ਕਈ ਜਾਨਾਂ ਜਾਂਦੀਆਂ ਹਨ। 1 ਸਾਲ ‘ਚ ਸੜਕ ਹਾਦਸਿਆਂ ‘ਚ 5 ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਹਨਾਂ ਹਾਦਸਿਆਂ ਤੋਂ ਬਾਅਦ ਬਚਾਅ ਕਾਰਜਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਇਹ ਫੋਰਸ ਬਣਾਈ ਜਾਵੇਗੀ।
ਮਾਨ ਨੇ ਕਿਹਾ ਕਿ ਇਸ ਵਾਰ ਝੋਨੇ ਦੇ ਸੀਜ਼ਨ ‘ਤੇ ਕਿਸਾਨਾਂ ਨੂੰ ਬਿਜਲੀ ਅਤੇ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ ਪਿੰਡਾਂ ‘ਚ ਦੁਬਾਰਾ ਪਾਈਪਾਂ ਰਾਹੀ ਕੱਸੀਆਂ ਦਾ ਪਾਣੀ ਪਹੁੰਚਾਵਾਂਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖ਼ਰੀਦੇਗੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਥਰਮਲ ਪਲਾਂਟ ਖ਼ਰੀਦਣ ਲਈ ਟੈਂਡਰ ਪਾਵੇਗੀ।। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਕੋਲੇ ਦੀ ਕੋਈ ਘਾਟ ਨਹੀਂ ਹੈ ,ਪਲਾਂਟਾਂ ਕੋਲ 52 ਦਿਨਾਂ ਦਾ ਕੋਲਾ ਹਾਲੇ ਤੱਕ ਪਿਆ ਹੈ। ਇਹ ਕੋਲਾ ਅਸੀਂ ਗੋਇੰਦਵਾਲ ਥਰਮਲ ਪਲਾਂਟ ਵਿਚ ਇਸਤੇਮਾਲ ਕਰਾਂਗੇ। ਇਸ ਨਾਲ ਬਿਜਲੀ ਦੀ ਲਾਗਤ ਹੋਰ ਘੱਟ ਜਾਵੇਗੀ। ਮਾਨ ਨੇ ਕਿਹਾ ਕਿ ਕਿ ਕੁੱਝ ਸਰਕਾਰਾਂ ਸਰਕਾਰੀ ਸੰਪਤੀ ਵੇਚਦੀਆਂ ਹਨ, ਪਰ ਅਸੀਂ ਪ੍ਰਾਈਵੇਟ ਖ਼ਰੀਦ ਰਹੇ ਹਾਂ।