Punjab

ਪੰਜਾਬ ’ਚ ਝੋਨੇ ਦੀ ਸਰਕਾਰੀ ਖਰੀਦ ਬੰਦ…

Government purchase of paddy in Punjab stopped

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੀਆਂ 1240 ਅਨਾਜ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਕਰਨ ਫ਼ੈਸਲਾ ਕੀਤਾ ਹੈ। ਪੰਜਾਬ ਵਿਚ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਖ਼ਤਮ ਹੋ ਗਈ ਹੈ ਅਤੇ ਸੂਬੇ ਦੇ ਖ਼ਰੀਦ ਕੇਂਦਰਾਂ ਵਿੱਚ 185.88 ਲੱਖ ਮੀਟਰਿਕ ਟਨ ਫ਼ਸਲ ਖ਼ਰੀਦ ਹੋਈ ਹੈ ਜਿਸ ’ਚੋਂ 60 ਹਜ਼ਾਰ ਮੀਟਰਿਕ ਟਨ ਫ਼ਸਲ ਵਪਾਰੀਆਂ ਨੇ ਖ਼ਰੀਦੀ ਹੈ।

ਐਤਕੀਂ ਫ਼ਸਲੀ ਖ਼ਰੀਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਕੇਂਦਰੀ ਖ਼ੁਰਾਕ ਮੰਤਰਾਲੇ ਨੇ ਪੰਜਾਬ ਨੂੰ ਸਰਕਾਰੀ ਖ਼ਰੀਦ ਲਈ ਹਫ਼ਤੇ ਦੀ ਮੁਹਲਤ ਦਿੱਤੀ ਸੀ। ਖ਼ਰੀਦ ਕੇਂਦਰ ਜੋ 30 ਨਵੰਬਰ ਨੂੰ ਬੰਦ ਹੋਣੇ ਸਨ, ਉਹ ਅੱਜ ਬੰਦ ਹੋ ਗਏ ਹਨ। ਪਹਿਲੀ ਅਕਤੂਬਰ ਤੋਂ ਸੂਬੇ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਹੋਈ ਸੀ।

ਪੰਜਾਬ ਨੂੰ ਇਸ ਵਾਰ ਹੜ੍ਹਾਂ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਵੀ ਝੱਲਣੀਆਂ ਪਈਆਂ ਸਨ ਅਤੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਦੁਬਾਰਾ ਲੁਆਈ ਕਰਨੀ ਪਈ ਸੀ। ਕੁਦਰਤੀ ਆਫ਼ਤਾਂ ਦੀ ਚੁਨੌਤੀ ਨੂੰ ਪਾਰ ਕਰਦਿਆਂ ਝੋਨੇ ਦੀ ਫ਼ਸਲ ਮਿਥੇ 182 ਲੱਖ ਮੀਟਰਿਕ ਟਨ ਦੇ ਟੀਚੇ ਨੂੰ ਪਾਰ ਕਰ ਗਈ ਹੈ। ਪਿਛਲੇ ਦਿਨਾਂ ਵਿਚ ਰੋਜ਼ਾਨਾ ਇੱਕ ਲੱਖ ਮੀਟਰਿਕ ਟਨ ਦੀ ਆਮਦ ਹੀ ਰਹਿ ਗਈ ਸੀ।

ਝੋਨੇ ਦੀ ਸਰਕਾਰੀ ਖ਼ਰੀਦ ਦਾ ਸੀਜ਼ਨ ਇਸ ਵਾਰ ਸਵਾ ਦੋ ਮਹੀਨੇ ਚੱਲਿਆ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 39,911 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ ਜਦਕਿ 40,653 ਕਰੋੜ ਦੇ ਬਿੱਲ ਜਮ੍ਹਾਂ ਹੋਏ ਹਨ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਗੁਰਕੀਰਤ ਕ੍ਰਿਪਾਲ ਸਿੰਘ ਨੇ ਕਿਹਾ ਕਿ ਫ਼ਸਲ ਇਸ ਵਾਰ ਬੰਪਰ ਹੋਈ ਹੈ ਅਤੇ ਝਾੜ ਵੀ ਕਾਫ਼ੀ ਵਧਿਆ ਹੈ ਜਿਸ ਦੀ ਸਮੁੱਚੀ ਖ਼ਰੀਦ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ।

ਸੋਮਵਾਰ ਤੱਕ ਕਿਸਾਨਾਂ ਨੂੰ ਬਾਕੀ ਅਦਾਇਗੀ ਵੀ ਹੋ ਜਾਵੇਗੀ। ਸੂਬੇ ਨੂੰ ਇਸ ਵਾਰ ਦੋ ਦਫ਼ਾ ਹੜ੍ਹਾਂ ਦੀ ਮਾਰ ਝੱਲਣੀ ਪਈ ਪ੍ਰੰਤੂ ਕਿਸਾਨਾਂ ਨੇ ਹਿੰਮਤ ਨਹੀਂ ਹਾਰੀ। ਇਸ ਵਾਰ ਝੋਨੇ ਦਾ ਝਾੜ ਵੀ ਔਸਤਨ 75 ਕੁਇੰਟਲ ਪ੍ਰਤੀ ਹੈਕਟੇਅਰ ਦਾ ਰਿਹਾ ਹੈ ਜਦਕਿ ਪਿਛਲੇ ਸਾਲ ਇਹੋ ਝਾੜ 68.17 ਕੁਇੰਟਲ ਪ੍ਰਤੀ ਹੈਕਟੇਅਰ ਦਾ ਸੀ। ਬੰਪਰ ਫ਼ਸਲ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੀ ਟੈਕਸਾਂ ਦੇ ਰੂਪ ਵਿਚ ਵੱਧ ਆਮਦਨੀ ਹੋਣ ਦੀ ਆਸ ਹੈ। ਭਾਰਤੀ ਖ਼ੁਰਾਕ ਨਿਗਮ ਨੇ ਤਾਂ ਇਸ ਵਾਰ ਪੰਜਾਬ ਚੋਂ ਨਾਮਾਤਰ ਫ਼ਸਲ ਹੀ ਖ਼ਰੀਦ ਕੀਤੀ ਹੈ।