Punjab

ਜਾਅਲੀ ਸਰਟੀਫ਼ਿਕੇਟ ਦੇ ਸਿਰ ’ਤੇ ਸਰਕਾਰੀ ਨੌਕਰੀ ਦਾ ਪਰਦਾਫਾਸ਼! PSEB ਦੀ ਜਾਂਚ ’ਚ ਖੁੱਲ੍ਹ ਗਈ ਪੋਲ

PSEB

ਬਿਊਰੋ ਰਿਪੋਰਟ (21 ਦਸੰਬਰ 2025): ਪੰਜਾਬ ਵਿੱਚ ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਸਰਕਾਰੀ ਨੌਕਰੀ ਹਾਸਲ ਕਰਨ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਕੋਲ ਬੀ.ਪੀ.ਈ.ਓ. (BPEO) ਬਨੂੜ ਰਾਹੀਂ ਵੈਰੀਫਿਕੇਸ਼ਨ ਲਈ ਪਹੁੰਚਿਆ ਇੱਕ ਸਰਟੀਫਿਕੇਟ ਜਾਂਚ ਦੌਰਾਨ ਜਾਅਲੀ ਪਾਇਆ ਗਿਆ ਹੈ। ਬੋਰਡ ਦੀ ਜਾਂਚ ਵਿੱਚ ਸਪੱਸ਼ਟ ਹੋਇਆ ਹੈ ਕਿ ਇਹ ਸਰਟੀਫਿਕੇਟ ਸਬੰਧਤ ਮਹਿਲਾ ਨੂੰ ਬੋਰਡ ਵੱਲੋਂ ਕਦੇ ਜਾਰੀ ਹੀ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਬੋਰਡ ਨੇ ਉਕਤ ਮਹਿਲਾ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕਰ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।

ਸਾਲ 2001 ਦਾ ਸੀ ਸਰਟੀਫਿਕੇਟ, ਨਾਮ ਤੇ ਪਤਾ ਨਿਕਲੇ ਸਹੀ

ਜਾਣਕਾਰੀ ਅਨੁਸਾਰ, ਨਵਨੀਤ ਕੌਰ ਨਾਮ ਦੀ ਮਹਿਲਾ ਦਾ ਇਹ ਸਰਟੀਫਿਕੇਟ ਸਾਲ 2001 ਦਾ ਬਣਿਆ ਹੋਇਆ ਸੀ। ਜਦੋਂ ਬੋਰਡ ਨੇ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਫਿਰੋਜ਼ਪੁਰ ਦੇ ਪਤੇ ’ਤੇ ਬਣੇ ਇਸ ਸਰਟੀਫਿਕੇਟ ਵਿੱਚ ਨਾਮ ਅਤੇ ਪਤਾ ਤਾਂ ਦਰੁਸਤ ਸੀ, ਪਰ ਰਿਕਾਰਡ ਅਨੁਸਾਰ ਉਹ ਉਮੀਦਵਾਰ ਪ੍ਰੀਖਿਆ ਵਿੱਚ ਪਾਸ ਹੀ ਨਹੀਂ ਸੀ। ਜਦਕਿ ਜਾਅਲੀ ਸਰਟੀਫਿਕੇਟ ਵਿੱਚ ਉਸ ਨੂੰ 293 ਅੰਕਾਂ ਨਾਲ ਪਾਸ ਦਿਖਾਇਆ ਗਿਆ ਸੀ। ਬੋਰਡ ਨੇ ਇਸ ਸਬੰਧੀ ਗਜ਼ਟ ਦੀ ਕਾਪੀ ਵਿਭਾਗ ਨੂੰ ਭੇਜ ਦਿੱਤੀ ਹੈ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਹਰ ਮਹੀਨੇ ਆਉਂਦੇ ਹਨ ਹਜ਼ਾਰਾਂ ਸਰਟੀਫਿਕੇਟ

ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਹਰ ਮਹੀਨੇ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਤਕਰੀਬਨ 2000 ਸਰਟੀਫਿਕੇਟ ਜਾਂਚ ਲਈ ਆਉਂਦੇ ਹਨ।

  • ਇਸ ਸਾਲ ਹੁਣ ਤੱਕ 10 ਤੋਂ 15 ਸਰਟੀਫਿਕੇਟ ਜਾਅਲੀ ਪਾਏ ਜਾ ਚੁੱਕੇ ਹਨ।
  • ਜਾਅਲੀ ਪਾਏ ਜਾਣ ਵਾਲੇ ਸਰਟੀਫਿਕੇਟਾਂ ਦੀ ਜਾਣਕਾਰੀ ਬੋਰਡ ਆਪਣੀ ਵੈੱਬਸਾਈਟ ’ਤੇ ਅਪਲੋਡ ਕਰਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਧੋਖਾਧੜੀ ਨੂੰ ਰੋਕਿਆ ਜਾ ਸਕੇ।
  • ਇਸ ਤੋਂ ਪਹਿਲਾਂ ਵੀ ਰੇਲਵੇ, ਪੰਜਾਬ ਪੁਲਿਸ, ਪਾਸਪੋਰਟ ਦਫ਼ਤਰ, ਸਿੱਖਿਆ ਵਿਭਾਗ ਅਤੇ ਪੀ.ਆਰ.ਟੀ.ਸੀ. (PRTC) ਵਰਗੇ ਅਦਾਰਿਆਂ ਵਿੱਚ ਜਾਅਲੀ ਦਸਤਾਵੇਜ਼ਾਂ ਰਾਹੀਂ ਨੌਕਰੀਆਂ ਲੈਣ ਦੇ ਮਾਮਲੇ ਫੜੇ ਜਾ ਚੁੱਕੇ ਹਨ।