ਨਵੀਂ ਦਿੱਲੀ : ਕੇਂਦਰ ਸਰਕਾਰ ਹਰ ਕਿਸਾਨ ਨੂੰ ਕਿਸੇ ਨਾਲ ਕਿਸੇ ਰੂਪ ਵਿੱਚ ਸਾਲ ਦਾ ਔਸਤਨ 50 ਹਜ਼ਾਰ ਰੁਪਏ ਦੇ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਇੰਡੀਅਨ ਕੋਆਪ੍ਰੇਟਿਵ ਕਾਂਗਰਸ ਨੂੰ ਸੰਬੋਧਨ ਕਰਦਿਆਂ ਕੀਤਾ।
ਪ੍ਰਗਤੀ ਮੈਦਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮੌਕੇ ਇਸ ਪ੍ਰਗੋਰਾਮ ਵਿੱਚ ਪੀਐਮ ਮੋਦੀ ਨੇ ਕਿਹਾ ਕਿ “ ਜੇਕਰ ਅਸੀਂ ਹਿਸਾਬ ਕਰੀਏ ਤਾਂ ਹਰ ਸਾਲ ਕੇਂਦਰ ਸਰਕਾਰ ਖੇਤੀਬਾੜੀ ਅਤੇ ਕਿਸਾਨਾਂ ‘ਤੇ 6.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਰਹੀ ਹੈ। ਇਸ ਦਾ ਮਤਲਬ ਹੈ ਕਿ ਹਰ ਸਾਲ ਸਰਕਾਰ ਹਰ ਕਿਸਾਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਔਸਤਨ 50,000 ਰੁਪਏ ਮੁਹੱਈਆ ਕਰਵਾ ਰਹੀ ਹੈ। ਯਾਨੀ ਕਿ ਭਾਜਪਾ ਸਰਕਾਰ ਵਿੱਚ ਕਿਸਾਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਹਰ ਸਾਲ 50 ਹਜ਼ਾਰ ਰੁਪਏ ਮਿਲਣ ਦੀ ਗਾਰੰਟੀ ਦਿੱਤੀ ਜਾਂਦੀ ਹੈ। ਇਹ ਮੋਦੀ ਦੀ ਗਾਰੰਟੀ ਹੈ। ਇੰਨਾ ਹੀ ਨਹੀਂ ਗੰਨਾ ਕਿਸਾਨਾਂ ਲਈ ਵਾਜਬ ਅਤੇ ਲਾਹੇਵੰਦ ਭਾਅ ਹੁਣ ਰਿਕਾਰਡ 315 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।”
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਮੋਟੇ ਅਨਾਜ ਭਾਵ ਬਾਜਰੇ ਨੂੰ ਵਿਸ਼ਵ ਵਿੱਚ ਸ਼੍ਰੀ ਅੰਨਾ ਦੇ ਨਾਮ ਨਾਲ ਪਛਾਣਿਆ ਗਿਆ ਹੈ। ਇਸ ਦੇ ਲਈ ਦੁਨੀਆ ‘ਚ ਇਕ ਨਵਾਂ ਬਾਜ਼ਾਰ ਤਿਆਰ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੀ ਪਹਿਲਕਦਮੀ ਕਾਰਨ ਇਸ ਸਾਲ ਨੂੰ ਅੰਤਰਰਾਸ਼ਟਰੀ ਬਾਜਰੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੈਮੀਕਲ ਮੁਕਤ ਖੇਤੀ, ਕੁਦਰਤੀ ਖੇਤੀ ਸਰਕਾਰ ਦੀ ਤਰਜੀਹ ਹੈ। ਜ਼ਿਆਦਾ ਪਾਣੀ, ਜ਼ਿਆਦਾ ਫ਼ਸਲ ਦੀ ਗਾਰੰਟੀ ਨਹੀਂ ਦਿੰਦਾ। ਸੂਖਮ ਸਿੰਚਾਈ ਨੂੰ ਹਰ ਪਿੰਡ ਤੱਕ ਕਿਵੇਂ ਪਹੁੰਚਾਇਆ ਜਾਵੇ, ਇਸ ਲਈ ਸਹਿਕਾਰੀ ਸਭਾਵਾਂ ਨੂੰ ਵੀ ਆਪਣੀ ਭੂਮਿਕਾ ਵਧਾਉਣੀ ਪਵੇਗੀ।
ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ‘ਸਹਿਕਾਰ ਤੋਂ ਖੁਸ਼ਹਾਲੀ’ ਦੇ ਵਿਜ਼ਨ ਵਿੱਚ ਦ੍ਰਿੜ੍ਹ ਵਿਸ਼ਵਾਸ ਤੋਂ ਪ੍ਰੇਰਿਤ, ਕੇਂਦਰ ਸਰਕਾਰ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਸ ਯਤਨ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਇੱਕ ਵੱਖਰਾ ਸਹਿਕਾਰੀ ਮੰਤਰਾਲਾ ਬਣਾਇਆ ਗਿਆ।