ਬਿਉਰੋ ਰਿਪੋਰਟ – ਪੰਜਾਬ ਵਿਚ ਸਰਕਾਰ ਨੂੰ ਨਿਤ ਦਿਨ ਧਰਨਿਆਂ ਨੇ ਸਤਾਇਆ ਹੋਇਆ ਹੈ। ਸਰਕਾਰ ਦੀਆਂ ਮੁਸ਼ਕਲਾਂ ਵਿਚ ਵਾਧਾ ਹੁਣ ਪੀਸੀਐਮਐਸ ਡਾਕਟਰ ਕਰ ਸਕਦੇ ਹਨ। ਪੀਸੀਐਮਐਸ ਡਾਕਟਰਜ਼ ਐਸੋਸੀਏਸ਼ਨ ਇਕ ਵਾਰ ਫਿਰ ਹੜਤਾਲ ‘ਤੇ ਜਾ ਸਕਦੀ ਹੈ, ਜੇਕਰ ਉਹ ਹੜਤਾਲ ਕਰਦੇ ਹਨ ਤਾਂ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਮੁੜ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ। ਪੀਸੀਐਮਐਸ ਡਾਕਟਰਜ਼ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੀ ਹੜਤਾਲ ਖਤਮ ਕਰਨ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਡਾਕਟਰਾਂ ਨੇ ਕਿਹਾ ਕਿ ਸਾਡੇ ਕੋਲ ਹੜਤਾਲ ‘ਤੇ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਮੈਡੀਕਲ ਅਫਸਰਾਂ ਨੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਤਰੱਕੀ ਨਾਲ ਸਬੰਧਤ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਸੀ।
ਉਸ ਸਮੇਂ ਓਪੀਡੀ ਸੇਵਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 14 ਸਤੰਬਰ ਨੂੰ ਸਿਹਤ ਮੰਤਰੀ ਪੰਜਾਬ ਭਵਨ ਵਿਖੇ ਮੀਟਿੰਗ ਤੋਂ ਬਾਅਦ ਮੀਡੀਆ ਸਾਹਮਣੇ ਪੇਸ਼ ਹੋਏ ਅਤੇ ਵਾਅਦਾ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਪੂਰੀਆਂ ਕੀਤੀਆਂ ਜਾਣਗੀਆਂ। ਡਾਕਟਰਾਂ ਦੀ ਜਥੇਬੰਦੀ ਨੇ ਭਰੋਸੇ ਤਹਿਤ ਹੜਤਾਲ ਖ਼ਤਮ ਕਰਵਾ ਕੇ ਸੇਵਾਵਾਂ ਬਹਾਲ ਕਰ ਦਿੱਤੀਆਂ ਸਨ। ਪਰ ਸਮਾਂ ਸੀਮਾ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਦੋਵੇਂ ਮੰਗਾਂ ‘ਤੇ ਕੋਈ ਠੋਸ ਕਦਮ ਨਹੀਂ ਚੁੱਕਿਆ। ਇਸ ਕਰਕੇ ਡਾਕਟਰ ਮੁੜ ਤੋਂ ਹੜਤਾਲ ‘ਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ – ਬੱਚਿਆਂ ਨੂੰ ਸੋਸ਼ਲ ਮੀਡੀਆ ਲਈ ਲੈਣੀ ਪਵੇਗੀ ਇਜਾਜ਼ਤ, ਕੇਂਦਰ ਸਰਕਾਰ ਲਿਆਏਗੀ ਨਵੇਂ ਨਿਯਮ