India

ਸਰਕਾਰ ਨੇ ਅਕਤੂਬਰ ’ਚ GST ਤੋਂ ਕਮਾਏ 1.87 ਲੱਖ ਕਰੋੜ! ਪਿਛਲੇ ਸਾਲ ਨਾਲੋਂ 9% ਵੱਧ

ਬਿਉਰੋ ਰਿਪੋਰਟ: ਸਰਕਾਰ ਨੇ ਅਕਤੂਬਰ 2024 ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ ਯਾਨੀ GST ਤੋਂ 1.87 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਸਾਲਾਨਾ ਆਧਾਰ ’ਤੇ 9 ਫੀਸਦੀ ਦਾ ਵਾਧਾ ਹੋਇਆ ਹੈ। ਇੱਕ ਸਾਲ ਪਹਿਲਾਂ ਯਾਨੀ ਅਕਤੂਬਰ 2023 ਵਿੱਚ ਸਰਕਾਰ ਨੇ 1.72 ਲੱਖ ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਸੀ।

ਕੁੱਲ ਟੈਕਸ ਵਸੂਲੀ ਦੇ ਮਾਮਲੇ ਵਿੱਚ ਇਹ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਅਪ੍ਰੈਲ 2024 ’ਚ 2.10 ਲੱਖ ਕਰੋੜ ਰੁਪਏ ਅਤੇ ਅਪ੍ਰੈਲ 2023 ’ਚ 1.87 ਲੱਖ ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਕੀਤਾ ਸੀ। ਇਸ ਦੇ ਨਾਲ ਹੀ ਪਿਛਲੇ ਮਹੀਨੇ ਸਤੰਬਰ ’ਚ ਸਰਕਾਰ ਨੇ ਜੀਐੱਸਟੀ ਤੋਂ 1.73 ਲੱਖ ਕਰੋੜ ਰੁਪਏ ਇਕੱਠੇ ਕੀਤੇ ਸਨ। ਰਿਫੰਡ ਤੋਂ ਬਾਅਦ ਸ਼ੁੱਧ ਜੀਐਸਟੀ ਕੁਲੈਕਸ਼ਨ 1.68 ਲੱਖ ਕਰੋੜ ਰੁਪਏ ਰਿਹਾ। ਇਹ ਅੰਕੜਾ ਪਿਛਲੇ ਸਾਲ ਅਕਤੂਬਰ ਨਾਲੋਂ 8% ਵੱਧ ਹੈ।

ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ₹1.77 ਲੱਖ ਕਰੋੜ ਦੀ ਔਸਤ ਕੁਲੈਕਸ਼ਨ

ਕੁਲੈਕਸ਼ਨ ਵਿੱਚ ਸਿੰਗਲ ਡਿਜਿਟ ਵਾਧੇ ਦਾ ਇਹ ਤੀਜਾ ਮਹੀਨਾ ਹੈ। ਸਤੰਬਰ ਵਿੱਚ ਜੀਐਸਟੀ ਕੁਲੈਕਸ਼ਨ ਵਿੱਚ 6.5% ਦਾ ਵਾਧਾ ਹੋਇਆ ਹੈ। ਵਿੱਤੀ ਸਾਲ 2025 ਦੀ ਪਹਿਲੀ ਤਿਮਾਹੀ ਵਿੱਚ 1.86 ਲੱਖ ਕਰੋੜ ਰੁਪਏ ਦੇ ਮੁਕਾਬਲੇ ਦੂਜੀ ਤਿਮਾਹੀ ਵਿੱਚ ਔਸਤ GST ਵਸੂਲੀ ਦੀ ਗਤੀ ਘਟ ਕੇ 1.77 ਲੱਖ ਕਰੋੜ ਰੁਪਏ ਪ੍ਰਤੀ ਮਹੀਨਾ ਰਹਿ ਗਈ ਹੈ।

ਅਕਤੂਬਰ ਲਗਾਤਾਰ ਅੱਠਵਾਂ ਮਹੀਨਾ ਹੈ ਜਦੋਂ ਮਹੀਨਾਵਾਰ ਕੁਲੈਕਸ਼ਨ 1.7 ਲੱਖ ਕਰੋੜ ਰੁਪਏ ਤੋਂ ਵੱਧ ਰਹੀ ਹੈ। ਵਿੱਤੀ ਸਾਲ 2024-25 ਦੀ ਪਹਿਲੀ ਛਿਮਾਹੀ ਵਿੱਚ ਜੀਐਸਟੀ ਕੁਲੈਕਸ਼ਨ 10.87 ਲੱਖ ਕਰੋੜ ਰੁਪਏ ਰਿਹਾ, ਜੋ ਕਿ ਵਿੱਤੀ ਸਾਲ 24 ਦੀ ਪਹਿਲੀ ਛਿਮਾਹੀ ਨਾਲੋਂ 9.5% ਵੱਧ ਸੀ।