Punjab

ਸਰਕਾਰੀ ਬੱਸ ਕਾਮਿਆਂ ਨੇ ਜਾਮ ਕੀਤੀਆਂ ਬਠਿੰਡਾ ਦੀਆਂ ਸੜਕਾਂ

‘ਦ ਖ਼ਾਲਸ ਬਿਊਰੋ :- ਬਠਿੰਡਾ ਵਿੱਚ ਸਰਕਾਰੀ ਬੱਸ ਕਾਮਿਆਂ ਨੇ ਬੱਸਾਂ ਦੀ ਸਮਾਂ ਸਾਰਣੀ ਨੂੰ ਲੈ ਕੇ ਨਿੱਜੀ ਟਰਾਂਸਪੋਰਟਰਾਂ ਖਿਲਾਫ ਪ੍ਰਦ ਰਸ਼ਨ ਕੀਤਾ। ਕਾਮਿਆਂ ਵੱਲੋਂ ਅੱਜ ਸਵੇਰੇ ਤੜਕਸਾਰ ਹੀ ਬਠਿੰਡਾ ਬੱਸ ਅੱਡੇ ਨੇੜਲੀਆਂ ਮੁੱਖ ਸੜਕਾਂ ’ਤੇ ਬੱਸਾਂ ਟੇਢੀਆਂ ਖੜ੍ਹਾ ਕੇ ਆਵਾਜਾਈ ਜਾਮ ਕੀਤੀ ਗਈ। ਬੱਸ ਅੱਡੇ ਦੇ ਗੇਟ ’ਤੇ ਧਰਨੇ ’ਤੇ ਬੈਠੇ ਬੱਸ ਕਾਮਿਆਂ ਨੇ ਦਾਅਵਾ ਕੀਤਾ ਕਿ ਟਾਈਮ ਟੇਬਲ ਮਾਮਲੇ ’ਚ ਨਿੱਜੀ ਟਰਾਂਸਪੋਰਟਰਾਂ ਨੂੰ ਨੱਥ ਪਾਉਣ ਲਈ ਪੀਆਰਟੀਸੀ ਦੇ 9 ਡਿਪੂਆਂ ’ਤੇ ਇਹੋ ਐਕਸ਼ਨ ਇੱਕੋ ਸਮੇਂ ਕੀਤਾ ਗਿਆ ਹੈ।

ਸਰਕਾਰੀ ਬੱਸ ਕਾਮਿਆਂ ਦੀਆਂ ਅੱਧੀ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਪ੍ਰਦਰ ਸ਼ਨ ਵਿੱਚ ਸ਼ਮੂਲੀਅਤ ਕੀਤੀ। ਕਰਮਚਾਰੀਆਂ ਦੇ ਆਗੂਆਂ ਸੰਦੀਪ ਗਰੇਵਾਲ ਅਤੇ ਰਾਮ ਸਿੰਘ ਨੇ ਕਿਹਾ ਕਿ ਸੂਬੇ ਦੇ ਵੱਡੇ ਸਿਆਸੀ ਘਰਾਣਿਆਂ ਨੇ ਆਪਣੀਆਂ ਬੱਸਾਂ ਨੂੰ ਪੁਰਾਣੇ ਟਾਈਮ ਟੇਬਲ ’ਤੇ ਚਲਾਉਣ ਲਈ ਵੱਡੇ ਸ਼ਹਿਰਾਂ ਦੇ ਬੱਸ ਅੱਡਿਆਂ ’ਤੇ ‘ਗੁੰਡਾਗਰਦੀ’ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੁਤਾਬਿਕ ਬਠਿੰਡਾ ਬੱਸ ਅੱਡੇ ’ਤੇ ਵੀ ਪੁਰਾਣੇ ਟਾਈਮ ’ਤੇ ਬੱਸਾਂ ਚਲਾਉਣ ਲਈ ਕਰੀਬ ਢਾਈ ਦਰਜਨ ਬੰਦੇ ਬੁੱਧਵਾਰ ਨੂੰ ਆਏ ਤਾਂ ਉਨ੍ਹਾਂ ਦੀ ਪੀਆਰਟੀਸੀ ਦੇ ਕਰਮਚਾਰੀਆਂ ਨਾਲ ਤਕਰਾਰ ਹੋ ਗਈ।

ਉਨ੍ਹਾਂ ਕਿਹਾ ਕਿ ਅੱਜ ਸਵੇਰੇ ਫਿਰ ਉਨ੍ਹਾਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰੀ ਕਰਮਚਾਰੀਆਂ ਨੇ ਰੋਸ ਵਜੋਂ ਇਹ ਐਕਸ਼ਨ ਅਮਲ ਵਿੱਚ ਲਿਆਂਦਾ। ਉਨ੍ਹਾਂ ਇਸ ਮਾਮਲੇ ’ਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਨਿੱਜੀ ਟਰਾਂਸਪੋਰਟਰਾਂ ਨਾਲ ਮਿਲੀਭੁਗਤ ਦਾ ਇਲਜ਼ਾਮ ਲਾਉਂਦਿਆਂ ਚੋਣ ਕਮਿਸ਼ਨ ਤੋਂ ਦਖ਼ਲ ਦੀ ਮੰਗ ਕੀਤੀ। ਸੂਤਰਾਂ ਦੀ ਜਾਣਕਾਰੀ ਮੁਤਾਬਕ  ਪ੍ਰਸ਼ਾਸਨ ਨੇ ਵਿਖਾਵਾਕਾਰੀਆਂ ਨਾਲ ਆਰਟੀਏ ਬਠਿੰਡਾ ਦੀ ਮੀਟਿੰਗ ਦਾ ਸਮਾਂ ਤੈਅ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਕਿਸਾਨ ਸੰਗਠਨਾਂ ਦੇ ਵਰਕਰ ਵੀ ਪਹੁੰਚ ਚੁੱਕੇ ਸਨ ਅਤੇ ਸਰਕਾਰੀ ਬੱਸ ਕਾਮੇ ਨਵੀਂ ਸਮਾਂ ਸਾਰਣੀ ਮੁਤਾਬਿਕ ਕਾਊਂਟਰਾਂ ਤੋਂ ਬੱਸਾਂ ਦੀ ਰਵਾਨਗੀ ’ਤੇ ਅੜੇ ਹੋਏ ਸਨ।