India Lifestyle

“ਮਾਪਿਆਂ ਤੇ ਸਹੁਰਿਆਂ ਨਾਲ ਸਮਾਂ ਬਿਤਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 2 ਦਿਨਾਂ ਦੀ ਵਿਸ਼ੇਸ਼ ਛੁੱਟੀ!” ਸ਼ਰਤਾਂ ਦੇ ਨਾਲ

ਬਿਉਰੋ ਰਿਪੋਰਟ: ਅਸਾਮ ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਲਈ ਦੋ ਦਿਨਾਂ ਦੀ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਹੈ, ਤਾਂ ਜੋ ਉਹ ਆਪਣੇ ਮਾਪਿਆਂ ਜਾਂ ਸਹੁਰਿਆਂ ਨਾਲ ਸਮਾਂ ਬਿਤਾ ਸਕਣ। ਮੁੱਖ ਮੰਤਰੀ ਦਫ਼ਤਰ (ਸੀਐਮਓ) ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਮੁਲਾਜ਼ਮ ਨਿੱਜੀ ਮਨੋਰੰਜਨ ਲਈ ਇਸ ਵਿਸ਼ੇਸ਼ ਛੁੱਟੀਆਂ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ, ਜਿਨ੍ਹਾਂ ਕਰਮਚਾਰੀਆਂ ਦੇ ਮਾਤਾ-ਪਿਤਾ ਜਾਂ ਸਹੁਰੇ ਨਹੀਂ ਹਨ, ਉਨ੍ਹਾਂ ਨੂੰ ਇਹ ਛੁੱਟੀਆਂ ਨਹੀਂ ਮਿਲਣਗੀਆਂ।

ਸੀਐਮ ਨੇ ਲਿਖਿਆ- ਤਾਂ ਜੋ ਕਰਮਚਾਰੀ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਸੱਸ-ਸਹੁਰੇ ਦੀ ਦੇਖਭਾਲ ਕਰ ਸਕਣ

ਮੁੱਖ ਮੰਤਰੀ ਦਫ਼ਤਰ ਨੇ X ’ਤੇ ਲਿਖਿਆ ਕਿ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੀ ਅਗਵਾਈ ਹੇਠ ਅਸਾਮ ਸਰਕਾਰ ਨੇ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਆਪਣੇ ਮਾਪਿਆਂ ਜਾਂ ਸਹੁਰਿਆਂ ਨਾਲ ਸਮਾਂ ਬਿਤਾਉਣ ਲਈ 6 ਅਤੇ 8 ਨਵੰਬਰ, 2024 ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਹੈ।

ਵਿਸ਼ੇਸ਼ ਛੁੱਟੀ ਦੇਣ ਦਾ ਮਕਸਦ ਇਹ ਹੈ ਕਿ ਕਰਮਚਾਰੀ ਆਪਣੇ ਬਿਰਧ ਮਾਤਾ-ਪਿਤਾ ਜਾਂ ਸੱਸ-ਸਹੁਰੇ ਨਾਲ ਸਮਾਂ ਬਿਤਾ ਸਕਣ। ਉਹਨਾਂ ਦਾ ਆਦਰ ਤੇ ਦੇਖਭਾਲ ਕੀਤੀ ਜਾ ਸਕੇ। ਕਰਮਚਾਰੀ ਨਿੱਜੀ ਮਨੋਰੰਜਨ ਲਈ ਇਹ ਛੁੱਟੀਆਂ ਨਹੀਂ ਲੈ ਸਕਣਗੇ।

ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ 5 ਦਿਨਾਂ ਦਾ ਲੰਮਾ ਵੀਕਐਂਡ

ਸੀਐਮਓ ਨੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ 7 ​​ਨਵੰਬਰ ਨੂੰ ਛਠ ਪੂਜਾ, 9 ਨਵੰਬਰ ਨੂੰ ਦੂਜਾ ਸ਼ਨੀਵਾਰ ਅਤੇ 10 ਨਵੰਬਰ ਨੂੰ ਐਤਵਾਰ ਨੂੰ ਛੁੱਟੀ ਹੁੰਦੀ ਹੈ। ਇਹ ਛੁੱਟੀਆਂ ਇਨ੍ਹਾਂ ਛੁੱਟੀਆਂ ਦੇ ਦਿਨਾਂ ਦੇ ਵਿਚਕਾਰ 6 ਅਤੇ 8 ਨਵੰਬਰ ਨੂੰ ਲਈਆਂ ਜਾ ਸਕਦੀਆਂ ਹਨ। ਨਾਲ ਹੀ, ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਇਹ ਛੁੱਟੀਆਂ ਪੜਾਅਵਾਰ ਢੰਗ ਨਾਲ ਲੈ ਸਕਦੇ ਹਨ।

ਮੁੱਖ ਮੰਤਰੀ ਹਿਮਾਂਤਾ ਨੇ 2021 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਪਹਿਲੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਸੀ।