‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਮਟਕਾ ਚੌਂਕ ‘ਤੇ ਜਦੋਂ ਮੁਲਾਜ਼ਮ ਨਾਅਰੇ ਮਾਰਦੇ ਹੁੰਦੇ ਸਨ ਤਾਂ ਇਸਦਾ ਨਾਂ ‘ਧਰਨੇ ਵਾਲਾ ਚੋਂਕ’ ਪੈ ਗਿਆ ਸੀ। ਹੁਣ ਮੋਤੀ ਮਹਿਲ ਦੇ ਨੇੜੇ ਪੈਂਦੇ ਵਾਈਪੀਐੱਸ ਚੌਂਕ ਦਾ ਨਾਂ ‘ਡਾਂਗਾਂ ਵਾਲਾ ਚੌਂਕ’ ਰੱਖ ਦਿੱਤਾ ਗਿਆ ਹੈ। ਇਹ ਨਾਂ ਕਿਸੇ ਹੋਰ ਨੇ ਨਹੀਂ, ਸਗੋਂ ਗੂਗਲ ਮੈਪ ਨੇ ਦਿੱਤਾ ਹੈ। ਲੰਬੇ ਸਮੇਂ ਤੋਂ ਰੁਜ਼ਗਾਰ ਦੀ ਫਰਿਆਦ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵੱਲ ਨੂੰ ਜਾਂਦੇ ਦਿਖਾਵਾਕਾਰੀਆਂ ਨੂੰ ਮੂੰਹ ਦੱਬਣ ਲਈ ਲਾਠੀਚਾਰਜ ਦਾ ਨੁਸਖਾ ਵਰਤਿਆ ਜਾਂਦਾ ਹੈ।
ਚੰਡੀਗੜ੍ਹ ਪਿੱਛੋਂ ਪੰਜਾਬ ਸਰਕਾਰ ਦੀ ਬਦਨਾਮੀ ਜਾਂ ਚਿੰਨ੍ਹ ਕਹੋ ਜਾਂ ਖਾਕੀ ਵਰਦੀ ਤੋਂ ਬਾਅਦ, ਪਰ ਗੂਗਲ ਨੇ ਇਸ ਚੌਂਕ ਦਾ ਨਾਂ ਬੇਰੁਜ਼ਗਾਰਾਂ ਲਈ ਡਾਂਗਾਂ ਵਾਲਾ ਚੌਂਕ ਰੱਖ ਦਿੱਤਾ ਹੈ। ਗੂਗਲ ਮੈਪ ਵਿੱਚ ਇਸ ਨਾਮ ਨਾਲ ਪਟਿਆਲਾ ਪ੍ਰਸ਼ਾਸਨ ਦੀ ਕਿਰਕਿਰੀ ਹੋਈ ਹੈ। ਸਰਕਾਰ ਦਾ ਦਾਅਵਾ ਹੈ ਕਿ ਕਿਸੇ ਨੇ ਗੂਗਲ ਮੈਪ ਨਾਲ ਛੇੜ-ਛਾੜ ਕਰਕੇ ਨਾਮ ਬਦਲ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਇਹ ਚੌਂਕ 300 ਮੀਟਰ ਦੂਰ ਪੈਂਦਾ ਹੈ। ਮੁਲਾਜ਼ਮ ਜਥੇਬੰਦੀਆਂ ਹੋਣ ਜਾਂ ਬੇਰੁਜ਼ਗਾਰ ਅਧਿਆਪਕ ਤੇ ਜਾਂ ਫਿਰ ਕਿਸਾਨ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਇੱਥੇ ਆ ਕੇ ਨਾਅਰੇ ਮਾਰਦੇ ਹਨ। ਗੂਗਲ ਮੈਪ ਨੇ ਚਾਹੇ ਇਸਦਾ ਨਾਂ ਡਾਂਗਾਂ ਵਾਲਾ ਚੌਂਕ ਰੱਖਿਆ ਹੈ ਪਰ ਇੱਥੇ ਤਾਂ ਸਿੱਖ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥੀਆਂ ਹਨ, ਬੀਬੀਆਂ ਦੀਆਂ ਚੁੰਨੀਆਂ ਵੀ ਸਿਰ ਤੋਂ ਲਹੀਆਂ ਹਨ ਅਤੇ ਖੂਨ ਵੀ ਡੁੱਲਿਆ ਹੈ।