‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੰਨੜ ਭਾਸ਼ਾ ਨੂੰ ਭਾਰਤ ਦੀ ਸਭ ਤੋਂ ਬਦਸੂਰਤ ਭਾਸ਼ਾ ਕਹਿਣ ‘ਤੇ ਸਰਚ ਇੰਜਨ ਗੂਗਲ ਵਿਵਾਦਾਂ ਵਿੱਚ ਘਿਰ ਗਿਆ ਹੈ। ਕਰਨਾਟਕਾ ਸੂਬੇ ਨੇ ਕਿਹਾ ਕਿ ਇਸ ਮਾਮਲੇ ਵਿਚ ਗੂਗਲ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਗੂਗਲ ਵਿਚ ‘ugliest Indian language’ ਨਾਂ ਜੇ ਕੀਵਰਡ ਨਾਲ ਜੋ ਨਤੀਜਾ ਆਉਂਦਾ ਹੈ, ਉਸ ਵਿੱਚ ਕੰਨੜ ਸਭ ਤੋਂ ਉੱਤੇ ਹੈ।ਹਾਲਾਂਕਿ ਗੂਗਲ ਦੇ ਤਕਨੀਕੀ ਮਾਹਿਰਾਂ ਨੇ ਇਕ ਬਿਆਨ ਵੀ ਜਾਰੀ ਕੀਤਾ ਹੈ ਕਿ ਗਲਤਫਹਿਮੀ ਹੋਣ ਤੇ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਲੱਗਣ ‘ਤੇ ਅਸੀਂ ਖਿਮਾ ਚਾਹੁੰਦੇ ਹਾਂ।
ਗੂਗਲ ਦੇ ਇਸ ਨਤੀਜੇ ਨਾਲ ਖੋਜ ਕਰਨ ਵਾਲਿਆਂ ਵਿੱਚ ਭਾਰੀ ਨਾਰਾਜਗੀ ਪਾਈ ਜਾ ਰਹੀ ਹੈ। ਬੀਬੀਸੀ ਨਿਊਜ਼ ਦੀ ਖਬਰ ਅਨੁਸਾਰ ਦੱਖਣੀ ਭਾਰਤ ਦੇ ਸੂਬੇ ਦੇ ਕਈ ਲੀਡਰਾਂ ਨੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ।ਕਰਨਾਟਕ ਦੇ ਮੰਤਰੀ ਅਰਾਵਿੰਦ ਲਿਮਬਾਵਾਲੀ ਨੇ ਤਕਨੀਕੀ ਕੰਪਨੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ ਕਿ ਗੂਗਲ ਵੱਲੋਂ ਅਜਿਹਾ ਕਰਕੇ ਇਸ ਭਾਸ਼ਾ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਦੱਸ ਦਈਏ ਕਿ ਕੰਨੜ ਭਾਸ਼ਾ ਦਾ ਆਪਣਾ ਇਤਿਹਾਸ ਹੈ। ਇਹ ਭਾਸ਼ਾ ਨੂੰ ਹੋਂਦ ਵਿੱਚ ਆਏ ਕੋਈ 2500 ਸਾਲ ਹੋ ਗਏ ਹਨ। ਗੂਗਲ ਨੇ ਕਿਹਾ ਕਿ ਖੋਜ ਕਰਨ ਦਾ ਇਹ ਫੀਚਰ ਕਈ ਵਾਰ ਖਰਾ ਨਹੀਂ ਹੁੰਦਾ ਹੈ। ਕਈ ਵਾਰ ਇੰਟਰਨੈੱਟ ‘ਤੇ ਲਿਖਿਆ ਸ਼ਬਦ ਹੈਰਾਨ ਕਰਨ ਵਾਲੇ ਨਤੀਜੇ ਪੈਦਾ ਕਰ ਸਕਦਾ ਹੈ।
ਇਕ ਟਵੀਟ ਵਿੱਚ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਕਿਹਾ ਹੈ ਕਿ ਇਹ ਸਿਰਫ ਕੰਨੜ ਭਾਸ਼ਾ ਲਈ ਹੀ ਨਹੀਂ, ਕੋਈ ਵੀ ਭਾਸ਼ਾ ਮਾੜੀ ਨਹੀਂ ਹੈ। ਪਰ ਭਾਸ਼ਾ ਨੂੰ ਗਲਤ ਸ਼ਬਦਾਂ ਨਾਲ ਸੰਬੋਧਨ ਕਰਨਾ ਦੁਖਦਾਈ ਹੈ।