ਬਨੂੜ : ਮੁਹਾਲੀ ਦੇ ਕਸਬਾ ਬਨੂੜ ਦੇ ਪਿੰਡ ਖੇੜਾ ਦੇ ਅਗਾਂਹਵਧੂ ਕਿਸਾਨ(Progressive farmer) ਅਸ਼ੋਕ ਕੁਮਾਰ ਵੱਲੋਂ ਵੱਖਰੇ ਤਰੀਕੇ ਨਾਲ ਬੀਜੀ ਕਣਕ(Wheat crop) ਦੇ ਚੰਗੇ ਨਤੀਜ਼ੇ ਆਉਣ ਲੱਗੇ ਹਨ। ਅਸਲ ਵਿੱਚ ਉਸਨੇ ਇਸ ਵਾਰ ਪਹਿਲੀ ਵਾਰ ਆਪਣੇ ਖੇਤ ਵਿੱਚ ਵੱਟਾਂ ਉੱਤੇ ਕਣਕ ਦੀ ਬਿਜਾਈ ਕਰ ਕੇ ਨਵਾਂ ਤਜਰਬਾ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਹੁਣ ਕਣਕ ਨਿਸਰਨ ਲੱਗੀ ਹੈ ਅਤੇ ਕਣਕ ਦਾ ਤਣਾ ਮੋਟਾ ਅਤੇ ਬੱਲੀਆਂ ਵੀ ਭਾਰੀ ਲੱਗੀਆਂ ਹਨ। ਮਾਰਚ ਤੱਕ ਵਾਢੀ ਲਈ ਤਿਆਰ ਹੋ ਜਾਵੇਗੀ।
ਵੱਟ ‘ਤੇ ਕਣਕ ਦੀ ਬਿਜਾਈ ਦੇ ਕਿਸਾਨ ਨੇ ਇਹ ਫਾਇਦੇ ਦੇਖੇ:
-ਇਸ ਤਕਨੀਕ ਰਾਹੀਂ ਇੱਕ ਏਕੜ ਵਿੱਚ ਸਿਰਫ਼ ਸੱਤ ਕਿੱਲੋ ਬੀਜ ਲੱਗਿਆ ਜਦਕਿ ਰਿਵਾਇਤੀ ਤਰੀਕੇ ਨਾਲ ਇੱਕ ਏਕੜ ਵਿੱਚ ਔਸਤ 40 ਕਿੱਲੋ ਕਣਕ ਦਾ ਬੀਜ ਪੈਂਦਾ ਹੈ।
-ਪ੍ਰਤੀ ਏਕੜ ਤਿੰਨ-ਚਾਰ ਥੈਲੇ ਯੂਰੀਆ ਦੀ ਥਾਂ ਉਨ੍ਹਾਂ ਸਿਰਫ਼ ਇੱਕ ਤੋਂ ਡੇਢ ਥੈਲਾ ਯੂਰੀਆ ਪਾਇਆ ਹੈ।
-ਗੁੱਲੀ-ਡੰਡੇ ਦੀ ਰੋਕਥਾਮ ਲਈ ਸਪਰੇਅ ਤੋਂ ਬਿਨਾਂ ਹੋਰ ਕੋਈ ਸਪਰੇਅ ਨਹੀਂ ਕੀਤੀ ਹੈ।
-ਇਸ ਤਕਨੀਕ ਨਾਲ ਬੀਜੀ ਕਣਕ ਨੂੰ ਪਾਣੀ ਦੇਣਾ ਸੌਖਾ ਹੈ। ਪਾਣੀ ਦੇਣ ਮਗਰੋਂ ਤੇਜ਼ ਹਵਾ ਚੱਲਣ ਦੀ ਸੂਰਤ ਵਿੱਚ ਇਸ ਦੇ ਡਿੱਗਣ ਦਾ ਕੋਈ ਖਤਰਾ ਨਹੀਂ ਹੈ।
-ਰਿਵਾਇਤੀ ਤਰੀਕੇ ਨਾਲ ਬੀਜੀ ਹੋਈ ਕਣਕ ਦੇ ਮੁਕਾਬਲੇ ਵੱਟਾਂ ‘ਤੇ ਬੀਜੀ ਹੋਈ ਕਣਕ ਦਾ ਪੱਤਾ ਅਤੇ ਬੂਟਾ ਜ਼ਿਆਦਾ ਵਧਿਆ ਹੈ।
-ਬੂਟਿਆਂ ਵਿਚਲੀ ਵਿੱਥ ਕਾਰਨ ਹਵਾ ਲੰਘਦੀ ਰਹਿੰਦੀ ਹੈ, ਜਿਸ ਨਾਲ ਕਣਕ ਪੀਲੀ ਨਹੀਂ ਹੁੰਦੀ ਤੇ ਹੋਰ ਬਿਮਾਰੀਆਂ ਦੀ ਵੀ ਗੁੰਜਾਇਸ਼ ਘੱਟ ਹੈ।
-ਇਸ ਦੀਆਂ ਬੱਲਾਂ ਵੀ ਦੂਜੀ ਕਣਕ ਨਾਲੋਂ ਵੱਡੀਆਂ ਹਨ ਅਤੇ ਦਾਣਾ ਵੀ ਮੋਟਾ ਰਹਿਣ ਦੀ ਸੰਭਾਵਨਾ ਹੈ।
-ਇਸ ਕਣਕ ਨੂੰ ਪਾਣੀ ਦੀ ਮਾਰ ਵੀ ਨਹੀਂ ਪੈਂਦੀ।
-ਇਸ ਵਿੱਚੋਂ ਤੂੜੀ ਵੀ ਵੱਧ ਨਿਕਲੇਗੀ ਅਤੇ ਕੰਬਾਈਨ ਨਾਲ ਇਸ ਕਣਕ ਨੂੰ ਕੱਟਣਾ ਵੀ ਸੌਖਾ ਹੋਵੇਗਾ।
ਹੁਣ ਫਰਵਰੀ ਮਹੀਨੇ ‘ਚ ਹੀ ਪੱਕ ਕੇ ਤਿਆਰ ਹੋ ਜਾਵੇਗੀ ਕਣਕ, ICAR ਨੇ ਲੱਭਿਆ ਨਵਾਂ ਹੱਲ
ਕਿਵੇਂ ਹੁੰਦੀ ਨਵੀਂ ਤਕਨੀਕ ਨਾਲ ਬਿਜਾਈ
ਕਿਸਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਵਾਰ 11 ਏਕੜ ਜ਼ਮੀਨ ਵਿੱਚ ਵੱਟਾਂ ਰਾਹੀਂ ਕਣਕ ਦੀ ਬਿਜਾਈ ਕੀਤੀ ਹੈ। ਇਸ ਦੇ ਲਈ ਖੇਤ ਵਿੱਚ ਪਹਿਲਾਂ ਮਸ਼ੀਨ ਰਾਹੀਂ 42 ਇੰਚ ਚੌੜੇ ਬੈੱਡ ਬਣਾਏ ਗਏ। ਇਸ ਮਗਰੋਂ ਮਜ਼ਦੂਰਾਂ ਕੋਲੋਂ ਹੱਥਾਂ ਨਾਲ ਜਿੱਗ-ਜੈਗ ਤਕਨੀਕ ਰਾਹੀਂ ਕਣਕ ਦਾ ਬੀਜ ਲਗਵਾਇਆ ਗਿਆ। ਇਸ ਤਕਨੀਕ ਰਾਹੀਂ ਦਸ ਮਜ਼ਦੂਰ ਪ੍ਰਤੀ ਦਿਨ ਇੱਕ ਏਕੜ ਕਣਕ ਦਾ ਬੀਜ ਲਗਾ ਦਿੰਦੇ ਹਨ, ਜਿਸ ਉੱਤੇ ਤਿੰਨ ਹਜ਼ਾਰ ਰੁਪਏ ਖਰਚਾ ਆਉਂਦਾ ਹੈ।