– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ
‘ਦ ਖ਼ਾਲਸ ਬਿਊਰੋ :- ਘੁੰਮਣ ਫਿਰਨ ਦੇ ਸ਼ੌਕੀਨ ਭਾਰਤੀਆਂ ਲਈ ਵੱਡੀ ਰਾਹਤ ਅਤੇ ਖੁਸ਼ਖਬਰ ਹੈ ਕਿ ਹੁਣ ਵਿਦੇਸ਼ ਦੇ 60 ਮੁਲਕਾਂ ਵਿੱਚ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਿਆ ਕਰੇਗੀ। ਕਰੋਨਾ ਦੀ ਮਹਾਂਮਾਰੀ ਤੋਂ ਪਹਿਲਾਂ ਭਾਰਤੀ ਸਿਰਫ਼ 23 ਦੇਸ਼ਾਂ ਵਿੱਚ ਬਗੈਰ ਵੀਜ਼ੇ ਤੋਂ ਦਾਖਲ ਹੋ ਸਕਦੇ ਸਨ। ਇਨ੍ਹਾਂ 60 ਦੇਸ਼ਾਂ ਨੂੰ ਜਾਣ ਲਈ ਉੱਥੇ ਏਅਰਪੋਰਟ ਉੱਤੇ ਪਹੁੰਚ ਕੇ ਵੀਜ਼ਾ ਲੈਣਾ ਪਿਆ ਕਰੇਗਾ।
ਕਰੋਨਾ ਦੀ ਦੂਜੀ ਲਹਿਰ ਖਤਮ ਹੋਣ ਤੋਂ ਬਾਅਦ ਜਦ ਸਰਕਾਰ ਵੱਲੋਂ ਕੌਮਾਂਤਰੀ ਉਡਾਣਾਂ ਤੋਂ ਪਾਬੰਦੀ ਹਟਾਈ ਗਈ ਸੀ ਤਾਂ ਉਸ ਵੇਲੇ ਹੀ ਭਾਰਤੀ ਪਾਸਪੋਰਟ ਦਾ ਮੁੱਲ ਪਹਿਲਾਂ ਨਾਲੋਂ ਵੱਧ ਗਿਆ ਸੀ। ਗਲੋਬਰ ਪਾਸਪੋਰਟ ਰੈਂਕਿੰਗ ਚਾਰਟ ਵਿੱਚ ਭਾਰਤ ਦੇ ਪਾਸਪੋਰਟ ਨੂੰ 199 ਮੁਲਕਾਂ ਵਿੱਚੋਂ 87ਵੇਂ ਥਾਂ ਉੱਤੇ ਰੱਖਿਆ ਗਿਆ ਹੈ। ਹੈਨਲੇ ਪਾਸਪੋਰਟ ਇੰਡੈਕਸ ਰਾਹੀਂ ਵਿਸ਼ਵ ਦੇ ਮੁਲਕਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ। ਇਸ ਰੈਂਕਿੰਗ ਦੇ ਆਧਾਰ ਉੱਤੇ ਇੱਕ ਤੋਂ ਦੂਜੇ ਮੁਲਕ ਵਿੱਚ ਬਿਨਾਂ ਵੀਜ਼ੇ ਤੋਂ ਆਉਣ ਜਾਣ ਦੀ ਖੁੱਲ੍ਹ ਦੇਣ ਉੱਤੇ ਵਿਚਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਵਿਸ਼ੇਸ਼ ਤੌਰ ਉੱਤੇ ਸਾਹਮਣੇ ਰੱਖਿਆ ਜਾਂਦਾ ਹੈ। ਇਹ ਡਾਟਾ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਵੱਲ਼ੋਂ ਸੰਕਲਿਤ ਕੀਤਾ ਜਾਂਦਾ ਹੈ। ਸਾਲ 2020 ਤੱਕ ਭਾਰਤੀਆਂ ਨੂੰ 23 ਦੇਸ਼ਾਂ ਵਿੱਚ ਬਗੈਰ ਵੀਜ਼ੇ ਤੋਂ ਜਾਣ ਦੀ ਆਗਿਆ ਸੀ ਭਾਵ ਵੀਜ਼ਾ ਆੱਨ ਅਰਾਈਵਲ ਮਿਲ ਜਾਂਦਾ ਸੀ। ਪਰ ਹੁਣ 60 ਮੁਲਕਾਂ ਨੂੰ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਸਗੋਂ ਉੱਥੋਂ ਦੇ ਏਅਰਪੋਰਟ ਉੱਤੇ ਉਤਰਣ ਤੋਂ ਬਾਅਦ ਵੀਜ਼ਾ ਆੱਨ ਅਰਾਈਵਲ ਮਿਲਿਆ ਕਰੇਗਾ।
ਇਨ੍ਹਾਂ 60 ਮੁਲਕਾਂ ਵਿੱਚ ਸਲਬਾਡੋਰ, ਤਨੇਸ਼ੀਆ, ਜਿੰਬਾਵਬੇ, ਇਥੋਪੀਆ, ਤਨਜਾਨੀਆ, ਇਰਾਨ, ਓਮਾਨ, ਇੰਡੋਨੇਸ਼ੀਆ, ਮੀਆਂਮੀਰ, ਫਿਜ਼ੀ, ਜੋਰਡਨ, ਕਤਰ, ਯਮਾਇਕਾ, ਮੋਰੀਸ਼ਿਸ ਅਤੇ ਥਾਈਲੈਂਡ ਆਦਿ ਸ਼ਾਮਿਲ ਹਨ। ਹੈਨਲੇ ਪਾਸਪੋਰਟ ਇੰਡੈਕਸ ਹਰੇਕ ਤਿਮਾਹੀ ਛਾਪਿਆ ਜਾਂਦਾ ਹੈ ਅਤੇ ਪਿਛਲ਼ੀ ਤਿਮਾਹੀ ਵਿੱਚ ਭਾਰਤ ਨੂੰ 83ਵੇਂ ਰੈਂਕ ਉੱਤੇ ਰੱਖਿਆ ਗਿਆ ਸੀ ਜਦਕਿ 2021 ਵਿੱਚ ਭਾਰਤ ਖਿਸਕ ਕੇ 90ਵੇਂ ਸਥਾਨ ਉੱਤੇ ਪਹੁੰਚ ਗਿਆ।
ਜਪਾਨ ਦੇ ਲੋਕਾਂ ਨੂੰ ਸਭ ਤੋਂ ਵੱਧ ਦੇਸ਼ਾਂ ਵਿੱਚ ਬਗੈਰ ਵੀਜ਼ਾ ਜਾਣ ਦੀ ਖੁੱਲ੍ਹ ਹੈ। ਉੱਥੋਂ ਦੇ ਲੋਕਾਂ ਨੂੰ 183 ਦੇਸ਼ਾਂ ਦੀ ਸੈਰ ਲਈ ਵੀਜ਼ਾ ਆੱਨ ਅਰਾਈਵਲ ਹੈ। ਸਾਲ 2020 ਤੱਕ ਜਪਾਨ ਵਾਸਤੇ 70 ਮੁਲਕਾਂ ਦੇ ਦਰਵਾਜ਼ੇ ਬਗੈਰ ਵੀਜ਼ਾ ਤੋਂ ਖੁੱਲ੍ਹੇ ਸਨ। ਕਰੋਨਾ ਦੌਰਾਨ ਮੁਸਾਫਿਰਾਂ ਦੀ ਗਿਣਤੀ ਘੱਟ ਜਾਣ ਕਰਕੇ ਏਅਰਲਾਈਨਜ਼ ਘਾਟੇ ਵਿੱਚ ਲੱਗ ਗਈਆਂ ਸਨ। ਕੌਮਾਂਤਰੀ ਫਲਾਈਟਾਂ ਬੰਦ ਹੋ ਜਾਣ ਤੋਂ ਬਾਅਦ ਤਾਂ ਕਈ ਏਅਰਲਾਈਨਜ਼ ਵਾਸਤੇ ਸਾਹ ਲੈਣਾ ਮੁਸ਼ਕਿਲ ਹੋ ਗਿਆ ਸੀ। ਕਰੋਨਾ ਕਰਕੇ ਕਈ ਵੱਡੇ ਮੁਲਕਾਂ ਵਿੱਚ ਟੂਰਿਜ਼ਮ ਬੰਦ ਹੋ ਗਿਆ ਅਤੇ ਉਹ ਆਮਦਨ ਪੱਖੋਂ ਔਖ ਮਹਿਸੂਸ ਕਰਨ ਲੱਗ ਪਏ। ਕੈਨੇਡਾ ਨੇ ਵੀ ਪਿਛਲੇ ਇੱਕ ਸਾਲ ਤੋਂ ਵਿਦੇਸ਼ੀਆਂ ਨੂੰ ਧੜਾਧੜ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਸਮੇਤ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਕੈਨੇਡਾ ਵੱਲੋਂ ਪੀਆਰ ਲਈ ਕੱਢੇ ਡਰਾਅ ਵਿੱਚ 542 ਅੰਕਾਂ ਵਾਲਾ ਵੀਜ਼ਾ ਲੈਣ ਵਿੱਚ ਸਫ਼ਲ ਹੋ ਗਿਆ। ਇਸ ਤੋਂ ਪਿਛਲੀ ਵਾਰ ਅੰਕਾਂ ਦੀ ਰੈਂਕਿੰਗ ਕਾਫ਼ੀ ਉੱਪਰ ਰਹੀ ਸੀ।