ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ(sidhu moose wala) ਕੇਸ ਵਿੱਚ ਮਾਸਟਰ ਮਾਇੰਡ ਅਤੇ ਗੈਂਗਸਟਰ ਲਾਰੇਂਸ ਬਿਛਨੋਈ ਦੇ ਕਰੀਬੀ ਗੈਂਗਸਟਰ ਗੋਲਡੀ ਬਰਾੜ(gangster goldy brar) ਨੇ ਆਪਣਾ ਟਿਕਾਣਾ ਬਦਲ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਗੋਲਡੀ ਬਰਾੜ ਕੈਨੇਡਾ ਛੱਡ ਕੇ ਹੁਣ ਕਿਸੇ ਹੋਰ ਦੇਸ਼ ਵਿੱਚ ਲੁਕਿਆ ਹੋਇਆ ਹੈ ਅਤੇ ਉਨ੍ਹਾਂ ਦੀ ਕਹਿਣਾ ਹੈ ਕਿ ਉਹ ਕੈਲੀਫੋਰਨੀਆ ਵਿੱਚ ਲੁਕਿਆ ਹੋ ਸਕਦਾ ਹੈ। ਪੁਲਿਸ ਨੇ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਦਸਤਾਵੇਜ਼ ਅਤੇ ਆਪਣਾ ਭੇਸ ਬਦਲ ਕੇ ਹੀ ਗੋਲਡੀ ਬਰਾੜ ਅਮਰੀਕਾ ਪੁੱਜਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ । ਪੰਜਾਬ ਪੁਲਸ ਨੇ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ ਤੇ ਲਈ ਸੀ ਅਤੇ ਇਸ ਤੋਂ ਬਾਅਦ ਉਹ ਕਈ ਵਾਰ ਲਾਈਵ ਵੀ ਹੋਇਆ ਸੀ।
ਗੋਲਡੀ ਬਰਾੜ ਨੇ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ ਸੀ, ਮੂਸੇਵਾਲਾ ਕੇਸ ‘ਚ ਮੇਰਾ ਨਾਂ ਜੁੜ ਗਿਆ ਹੈ। ਮੈਨੂੰ ਕੋਈ ਪਛਤਾਵਾ ਨਹੀਂ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਇਹ ਕੰਮ ਕਰਵਾ ਲਿਆ ਸੀ। ਸਿੱਧੂ ਦੋਸ਼ੀ ਸੀ। ਉਸਨੇ ਕਿਹਾ ਸੀ ਕਿ ਉਹ ਸਾਡੇ 2 ਭਰਾਵਾਂ ਦੇ ਕਤਲ ਵਿੱਚ ਸ਼ਾਮਲ ਸੀ। ਮੂਸੇਵਾਲਾ ਨੇ ਆਪਣੇ ਗੀਤ ਦੇ ਇਮੇਜ਼ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਤੋਂ ਉਹ ਗਲਤੀਆਂ ਹੋਈਆਂ ਹਨ ਜੋ ਭੁੱਲਣ ਯੋਗ ਨਹੀਂ ਸਨ ਤਾਂ ਉਸ ਨੂੰ ਸਜ਼ਾ ਭੁਗਤਣੀ ਪਈ। 29 ਮਈ 2022 ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਪੁਲਿਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕੈਨੇਡਾ ਸਥਿਤ ਸਾਥੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦਾ ਡਾਟਾਬੇਸ ਤਿਆਰ ਕੀਤਾ ਹੈ। ਪੁਲਿਸ ਵੱਲੋਂ ਤਿਆਰ ਅਪਰਾਧਿਕ ਮਾਮਲਿਆਂ ਬਾਰੇ ਡੋਜ਼ੀਅਰ ਅਨੁਸਾਰ ਬਿਸ਼ਨੋਈ ਪਿਛਲੇ 12 ਸਾਲਾਂ ਵਿੱਚ 36 ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ। ਇਸ ਦੇ ਨਾਲ ਹੀ ਬਰਾੜ ਨੂੰ ਪਿਛਲੇ 20 ਮਹੀਨਿਆਂ ਵਿੱਚ 8 ਕੇਸਾਂ ਵਿੱਚ ਮੁਲਜ਼ਮ ਬਣਾਇਆ ਗਿਆ ਹੈ।
ਫਿਲਹਾਲ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਹੁਣ ਤੱਕ ਬਾਹਰ ਹੈ ਅਤੇ ਆਪਣੇ ਟਿਕਾਣੇ ਬਦਲ ਕੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਪੰਜਾਬ ਪੁਲਸ ਵੱਲੋਂ ਕੈਨੇਡਾ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਕੈਨੇਡਾ ਤੋਂ ਕਿਵੇਂ ਭੱਜ ਗਿਆ। ਪੁਲਿਸ ਉਸ ਦੀ ਭਾਲ ‘ ਚ ਲੱਗੀ ਹੋਈ ਹੈ ।