Punjab

ਦਰਬਾਰ ਸਾਹਿਬ ਦੇ ਲੰਗਰ ‘ਚ ਲੱਖਾਂ ਦਾ ਘੁਟਾਲਾ ਪਹੁੰਚਿਆ ਕਰੋੜਾਂ ‘ਚ ! SGPC ਨੇ ਲਿਆ ਵੱਡਾ ਐਕਸ਼ਨ

ਬਿਊਰੋ ਰਿਪੋਰਟ : ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਲੰਗਰ ਘੁਟਾਲੇ ਦੀ ਜਾਂਚ ਦੌਰਾਨ ਪਹਿਲਾਂ 62 ਲੱਖ ਦਾ ਘੁਟਾਲ਼ਾ ਸਾਹਮਣੇ ਆਇਆ ਸੀ, ਹੁਣ ਇਹ ਵੱਧ ਕੇ 1 ਕਰੋੜ ਦੇ ਕਰੀਬ ਪਹੁੰਚ ਗਿਆ ਹੈ । ਅਪ੍ਰੈਲ 2019 ਤੋਂ ਦਸੰਬਰ 2022 ਤੱਕ ਲੰਗਰ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿੱਕਰੀ, ਮਾਂਹ ਤੇ ਝੋਨੇ, ਚੋਕਰ ਰੂਲਾ ਚੜ੍ਹਾਵੇ ਦੀ ਕੀਤੀ ਗਈ ਨਿਲਾਮੀ ਅਤੇ ਵਿੱਕਰੀ ਵਿੱਚ ਤਕਰੀਬਨ ਇੱਕ ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਹੈ । ਇਸ ਦੀ ਹੁਣ ਵੀ ਪੜਤਾਲ ਚੱਲ ਰਹੀ ਹੈ।

SGPC ਦੀ ਫਲਾਇੰਗ ਦੇ ਦਿੱਤੇ ਨਿਰਦੇਸ਼

SGPC ਦੇ ਫਲਾਇੰਗ ਵਿਭਾਗ ਵੱਲੋਂ 2 ਸਟੋਰਕੀਪਰਾਂ ਨੂੰ ਸਸਪੈਂਡ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲਣ ਦੇ ਨਿਰਦੇਸ਼ ਦਿੱਤੇ ਸਨ । ਪਰ ਹੁਣ ਤੱਕ ਕੋਈ ਵੀ ਰਕਮ ਨਾ ਜਮਾ ਕਰਵਾਉਣ ਤੋਂ ਬਾਅਦ ਹੁਣ ਕਮੇਟੀ ਵੱਲੋਂ ਘੁਟਾਲੇ ਦੇ ਸਮੇਂ ਦੌਰਾਨ ਜਿੰਨੇ ਵੀ ਮੈਨੇਜਰ ਨੇ ਵਾਊਚਰਾਂ ‘ਤੇ ਹਸਤਾਖ਼ਰ ਕੀਤੇ ਹਨ ਉਨ੍ਹਾਂ ਸਾਰੀਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਕਮੇਟੀ ਵੱਲੋਂ ਦਿੱਤੇ ਗਏ ਹਨ,ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਬਣਦੀ ਰਕਮ ਜਲਦ ਤੋਂ ਜਲਦ ਜਮਾ ਕਰਵਾਈ ਜਾਵੇ ।

ਦੱਸਿਆ ਜਾ ਰਿਹਾ ਹੈ ਇਸ ਪੂਰੇ ਘੁਟਾਲੇ ਵਿੱਚ ਮੈਨੇਜਰ,ਸੁਪਰਵਾਈਜ਼ਰ,ਸਟੋਰਕੀਪਰ ਜ਼ਿੰਮੇਵਾਰ ਹਨ । ਇਹ ਵੀ ਸਾਹਮਣੇ ਆਇਆ ਹੈ ਕਿ ਘੁਟਾਲੇ ਵਿੱਚ ਮੌਜੂਦਾ ਮੈਨੇਜਰ ਅਤੇ 3 ਰਿਟਾਇਰਡ ਮੈਨੇਜਰਾਂ ਦਾ ਨਾਂ ਵੀ ਸਾਹਮਣੇ ਆਇਆ ਹੈ। ਜਿਨ੍ਹਾਂ ਮੁਲਾਜ਼ਮਾਂ ਨੂੰ ਇਸ ਘੁਟਾਲੇ ਦਾ ਮੁਲਜ਼ਮ ਦੱਸਿਆ ਗਿਆ ਹੈ ਉਨ੍ਹਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ ਅਤੇ ਪੈਸੇ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਦਾ ਦਾਅਵਾ ਹੈ ਜਿਨ੍ਹਾਂ ਨੇ ਰਾਸ਼ਨ ਵਿੱਚ ਹੇਰਾ-ਫੇਰੀ ਕੀਤੀ ਹੈ ਉਨ੍ਹਾਂ ਤੋਂ ਹੀ ਵਸੂਲਿਆ ਜਾਵੇ ।

ABP ਦੀ ਰਿਪੋਰਟ ਮੁਤਾਬਿਕ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਹਾਇਕ ਸਤਬੀਰ ਸਿੰਘ ਧਾਮੀ ਨੇ ਕਿਹਾ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਣਗਹਿਲੀ ਵਰਤੀ ਹੈ ਜਾਂ ਫਿਰ ਘੁਟਾਲੇ ਦੇ ਜ਼ਰੀਏ ਪੈਸੇ ਕਮਾਏ ਹਨ ਉਨ੍ਹਾਂ ਸਾਰਿਆਂ ਤੋਂ ਵਸੂਲੀ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 324 ਸਰੂਪਾਂ ਦੇ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ । ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਰਿਪੋਰਟ ਵਿੱਚ ਇਸ ਨੂੰ ਚੋਰੀ ਨਾ ਦੱਸ ਦੇ ਹੋਏ ਪ੍ਰਬੰਧਕੀ ਢਾਂਚੇ ਵੀ ਕਮੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਹਾਲਾਂਕਿ ਇਹ ਮੁੱਦਾ ਹੁਣ ਵੀ ਬਹੁਤ ਵੱਡਾ ਹੈ। ਸਿੱਖ ਜਥੇਬੰਦੀਆਂ ਵਾਰ-ਵਾਰ ਇਸ ਨੂੰ ਲੈ ਕੇ SGPC ਨੂੰ ਲਗਾਤਾਰ ਘੇਰਦੀਆਂ ਹਨ।