ਵਿਸ਼ਵ ਅਥਲੈਟਿਕਸ ਵਿਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣਿਆ ਨੀਰਜ ਚੋਪੜਾ
‘ਦ ਖ਼ਾਲਸ ਬਿਊਰੋ : ਗੋਲਡਨ ਬੋਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਨੇ ਭਾਰਤੀ ਅਥਲੈਟਿਕਸ ਜਗਤ ਵਿੱਚ ਇਕ ਹੋਰ ਵੱਡੀ ਪ੍ਰਾਪਤੀ ਜੋੜਦਿਆਂ ਅਮਰੀਕਾ ਦੇ ਔਰੇਗਨ ਵਿਖੇ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।
ਫਾਈਨਲ ਵਿੱਚ ਤਿੰਨ ਥਰੋਆਂ ਤੋਂ ਬਾਅਦ ਚੌਥੇ ਸਥਾਨ ਉੱਤੇ ਚੱਲ ਰਹੇ ਨੀਰਜ ਨੇ ਚੌਥੀ ਕੋਸ਼ਿਸ਼ ਵਿੱਚ 88.13 ਮੀਟਰ ਥਰੋਅ ਸੁੱਟਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲ਼ਡ ਮੈਡਲ ਜਿੱਤਣ ਵਾਲੇ ਗ੍ਰਨੇਡਾ ਦੇ ਐਂਡਰਸਨ ਪੀਟਰਜ਼ ਨੇ 90.54 ਮੀਟਰ ਥਰੋਅ ਸੁੱਟੀ। ਪੀਟਰਜ਼ ਨੇ ਪਿਛਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੋਹਾ 2019 ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ।
ਚੈੱਕ ਗਣਰਾਜ ਦੇ ਜੈਕਬ ਵੈਡਲੈਚ ਨੇ 88.09 ਮੀਟਰ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਪਾਕਿਸਤਾਨ ਦਾ ਅਰਸ਼ਦ ਨਦੀਮ 86.16 ਮੀਟਰ ਥਰੋਅ ਨਾਲ ਪੰਜਵੇਂ ਸਥਾਨ ਉੱਤੇ ਰਿਹਾ। ਇਕ ਹੋਰ ਭਾਰਤੀ ਥਰੋਅਰ ਰੋਹਿਤ ਯਾਦਵ 78.72 ਥਰੋਅ ਨਾਲ 10ਵੇਂ ਸਥਾਨ ਉੱਤੇ ਰਿਹਾ।
ਨੀਰਜ ਚੋਪੜਾ ਦੂਜਾ ਭਾਰਤੀ ਬਣ ਗਿਆ ਜਿਸ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਿਆ। 2003 ਵਿੱਚ ਪੈਰਿਸ ਵਿਖੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਭਾਰਤ ਦੀ ਅੰਜੂ ਬੌਬੀ ਜਾਰਜ ਨੇ ਮਹਿਲਾਵਾਂ ਦੀ ਲੰਬੀ ਛਾਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਨੀਰਜ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। 24 ਵਰ੍ਹਿਆਂ ਦੇ ਪਾਣੀਪਤ ਨੇੜਲੇ ਪਿੰਡ ਖੰਡਰਾ ਦਾ ਵਸਨੀਕ ਨੀਰਜ ਹੁਣ ਤੱਕ ਓਲੰਪਿਕਸ ਸਮੇਤ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਅਤੇ
ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਚੁੱਕਾ ਹੈ। ਓਲੰਪਿਕ ਖੇਡਾਂ ਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੋਵੇਂ ਮੁਕਾਬਲਿਆਂ ਵਿੱਚ ਤਮਗਾ ਜਿੱਤਣ ਵਾਲਾ ਵੀ ਉਹ ਪਹਿਲਾ ਭਾਰਤੀ ਅਥਲੀਟ ਬਣ ਗਿਆ। ਨੀਰਜ ਚੋਪੜਾ 89.94 ਥਰੋਅ ਨਾਲ ਇਸ ਵੇਲੇ ਕੌਮੀ ਰਿਕਾਰਡ ਹੋਲਡਰ ਵੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਚੋਪੜਾ ਨੂੰ ਚਾਂਦੀ ਦਾ ਮੈਡਲ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਚੋਪੜਾ ਨੂੰ ਚਾਂਦੀ ਦਾ ਮੈਡਲ ਜਿੱਤਣ ‘ਤੇ ਬਹੁਤ-ਬਹੁਤ ਮੁਬਾਰਕਾਂ। ਉਡਾਰੀ ਖੰਭਾਂ ਨਾਲ ਨਹੀਂ ਹੌਂਸਲਿਆਂ ਨਾਲ ਹੁੰਦੀ ਹੈ… ਭਵਿੱਖ ਲਈ ਸ਼ੁੱਭਕਾਮਨਾਵਾਂ।