India Lifestyle

ਸੋਨਾ 78 ਹਜ਼ਾਰ ਤੋਂ ਪਾਰ! ਚਾਂਦੀ ਵੀ ਕਰੀਬ ₹5,000 ਵਧ ਕੇ ₹97,254 ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚੀ

ਬਿਉਰੋ ਰਿਪੋਰਟ: ਸੋਨਾ ਅਤੇ ਚਾਂਦੀ ਅੱਜ 21 ਅਕਤੂਬਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 804 ਰੁਪਏ ਵਧ ਕੇ 78,241 ਰੁਪਏ ਹੋ ਗਈ। ਇਸ ਤੋਂ ਇੱਕ ਦਿਨ ਪਹਿਲਾਂ ਇਸ ਦੀ ਕੀਮਤ 77,410 ਰੁਪਏ ਪ੍ਰਤੀ 10 ਗ੍ਰਾਮ ਸੀ।

ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ 4,971 ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ 97,254 ਰੁਪਏ ਪ੍ਰਤੀ ਕਿੱਲੋ ਦੀ ਕੀਮਤ ’ਤੇ ਵਿਕ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਚਾਂਦੀ 92,283 ਰੁਪਏ ’ਤੇ ਸੀ। ਇਸ ਤੋਂ ਪਹਿਲਾਂ 29 ਮਈ ਨੂੰ ਚਾਂਦੀ ਨੇ 94,280 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆਪਣਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ।

ਮਾਹਿਰਾਂ ਮੁਤਾਬਕ ਇਸ ਸਾਲ ਦੇ ਅੰਤ ਤੱਕ ਸੋਨਾ 79 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ। ਐਚਡੀਐਫਸੀ ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਹੈੱਡ ਅਨੁਜ ਗੁਪਤਾ ਦੇ ਅਨੁਸਾਰ, ਭੂ-ਰਾਜਨੀਤਿਕ ਤਣਾਅ ਅਤੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਕਾਰਨ ਸੋਨੇ ਦਾ ਰੇਟ ਵਧ ਰਿਹਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਸੋਨੇ-ਚਾਂਦੀ ਦੇ ਭਾਅ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਸਾਲ ਸੋਨਾ 79 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।