Punjab

ਗੋਇੰਦਵਾਲ ਜੇਲ੍ਹ ਮਾਮਲਾ: ਪੁਲਿਸ ਨੇ ਕੀਤੀ ਐਫਆਈਆਰ,ਸਿੱਧੂ ਮਾਮਲੇ ਨਾਲ ਜੁੜੇ ਇਹ ਮੁਲਜ਼ਮ ਹੋਏ ਨਾਮਜ਼ਦ

ਗੋਇੰਦਵਾਲ ਸਾਹਿਬ : ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਜੇਲ੍ਹ ਵਿੱਚ ਹੋਏ ਝਗੜੇ ਮਗਰੋਂ 2 ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਹੁਣ ਇਸ ਸੰਬੰਧ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਤੇ 7 ਕੈਦੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਝਗੜੇ ਵਿੱਚ ਮਨਪ੍ਰੀਤ ਭਾਊ,ਅੰਕਿਤ ਸੇਰਸਾ,ਸਚਿਨ ਭਿਵਾਨੀ,ਕਸ਼ਿਸ਼ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਸਾਰੇ ਸਿੱਧੂ ਮੂਸੇ ਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਕੇਸ ਵਿੱਚ ਕਿਸੇ ਨਾ ਕਿਸੇ ਕਾਰਨ ਨਾਮਜ਼ਦ ਹੋਏ ਹਨ।ਇਹਨਾਂ ਤੋਂ ਇਲਾਵਾ ਰਜਿੰਦਰ ਜੋਕਰ,ਅਰਸ਼ਦ ਖਾਨ ਤੇ ਮਾਮਾ ਕੀਟਾ ਦਾ ਨਾਂ ਵੀ ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਵਿੱਚ ਦਰਜ ਕੀਤਾ ਹੈ । ਇਸ ਸਾਰੇ ਝਗੜੇ ਵਿੱਚ ਜ਼ਖਮੀ ਹੋਏ ਕੇਸ਼ਵ ਤੇ ਅਰਸ਼ਦ ਖਾਨ ਨੂੰ ਕੱਲ ਪੀਜੀਆਈ ਰੈਫਰ ਕੀਤਾ ਗਿਆ ਸੀ ਪਰ ਹੁਣ ਉਹਨਾਂ ਨੂੰ 32 ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਕੱਲ 3 ਵਜੇ ਇਹਨਾਂ ਦਾ ਝੱਗੜਾ ਸ਼ੁਰੂ ਹੋਇਆ ਸੀ ,ਜੋ ਕਿ ਇੱਕ ਖੂਨੀ ਝੜਪ ਵਿੱਚ ਬਦਲ ਗਿਆ ਤੇ ਦੋ ਗੈਂਗਸਟਰਾਂ ਮਨਮੋਹਣ ਮੋਹਣਾ ਤੇ ਮਨਦੀਪ ਤੂਫਾਨ ਦੀ ਹੱਤਿਆ ਕਰ ਦਿੱਤੀ ਗਈ। ਹਾਲਾਂਕਿ ਇਸ ਝਗੜੇ ਦੇ ਕਾਰਨਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ।

ਹਾਲਾਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਝੱਗੜਾ ਹੋਇਆ ਸੀ ਪਰ ਉਦੋਂ ਗੱਲ ਏਨੀ ਵੱਧੀ ਨਹੀਂ ਸੀ ਪਰ ਕੱਲ ਗੋਇੰਦਵਾਲ ਕੇਂਦਰੀ ਜੇਲ੍ਹ ਵਿੱਚ ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਮਗਰੋਂ ਦੋ ਗੈਂਗਸਟਰਾਂ ਦੀ ਮੌਤ ਦੇ ਨਾਲ ਨਾਲ ਪੰਜ ਹੋਰ ਜ਼ਖਮੀ ਹੋਏ ਸਨ। ਜ਼ਖਮੀਆਂ ਨੂੰ ਤਰਨ ਤਾਰਨ ਦੇ ਹਸਪਤਾਲ ਲਿਜਾਇਆ ਗਿਆ ਸੀ। ਇਹਨਾਂ ਵਿੱਚੋਂ ਮਨਪ੍ਰੀਤ ਭਾਊ ਨੂੰ ਜੇਲ੍ਹ ਵਾਪਸ ਭੇਜ ਦਿੱਤਾ ਗਿਆ ਹੈ ਪਰ ਜ਼ਖਮੀ ਹੋਏ ਕੇਸ਼ਵ ਤੇ ਅਰਸ਼ਦ ਖਾਨ ਨੂੰ ਕੱਲ ਪੀਜੀਆਈ ਰੈਫਰ ਕੀਤਾ ਗਿਆ ਸੀ ਪਰ ਹੁਣ ਉਹਨਾਂ ਨੂੰ 32 ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਇਸ ਸੰਬੰਧ ਵਿੱਚ ਇੱਕ ਉੱਚ ਪੁਲਿਸ ਅਧਿਕਾਰੀ ਅਨੁਸਾਰ ਗੈਂਗਸਟਰਾਂ ਦਰਮਿਆਨ ਝੜਪ ਤਿੰਨ ਵਜੇ ਤੋਂ ਬਾਅਦ ਉਸ ਵੇਲੇ ਸ਼ੁਰੂ ਹੋਈ ਸੀ ਜਦੋਂ ਉਨ੍ਹਾਂ ਨੂੰ ਨਿਯਮਾਂ ਤਹਿਤ ਬੈਰਕਾਂ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ| ਇਸ ਜੇਲ੍ਹ ਵਿੱਚ 25 ਦੇ ਕਰੀਬ ਨਾਮੀ ਗੈਂਗਸਟਰ ਬੰਦ ਹਨ,ਜਿਨ੍ਹਾਂ ਵਿੱਚੋਂ ਵਧੇਰੇ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਿਤ ਹਨ।