India International

ਡਿਜੀਟਲ ਦੁਨੀਆ ’ਤੇ ਜੰਗ ਦੇ ਬੱਦਲ! ਭਾਰਤ ਸਮੇਤ ਦੁਨੀਆ ਭਰ ’ਚ ਇੰਟਰਨੈੱਟ ਠੱਪ ਹੋਣ ਦਾ ਖ਼ਤਰਾ

ਬਿਊਰੋ ਰਿਪੋਰਟ (31 ਮਾਰਚ, 2026): ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਵਧਦੇ ਤਣਾਅ ਨੇ ਹੁਣ ਡਿਜੀਟਲ ਦੁਨੀਆ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹੋਰਮੁਜ਼ ਜਲਡਮਰੂ (Strait of Hormuz) ਦੇ ਰਸਤੇ ਵਿੱਚ ਜਾਰੀ ਜੰਗ ਕਾਰਨ ਨਾ ਸਿਰਫ਼ ਊਰਜਾ ਸੰਕਟ, ਸਗੋਂ ਇੰਟਰਨੈੱਟ ਬੰਦ ਹੋਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦੁਨੀਆ ਦਾ ਲਗਭਗ 97% ਡੇਟਾ ਸਮੁੰਦਰ ਦੇ ਹੇਠਾਂ ਵਿਛੀਆਂ ਫਾਈਬਰ ਆਪਟਿਕ ਕੇਬਲਾਂ ਰਾਹੀਂ ਟ੍ਰਾਂਸਫਰ ਹੁੰਦਾ ਹੈ ਅਤੇ ਇਸ ਖ਼ੇਤਰ ਦੇ ਨੀਚੇ ਅਹਿਮ ਇੰਟਰਨੈੱਟ ਕੇਬਲਾਂ ਲੰਘਦੀਆਂ ਹਨ।

ਭਾਰਤ ’ਤੇ ਪਵੇਗਾ ਵੱਡਾ ਅਸਰ: ਭਾਰਤ ਨੂੰ ਯੂਰਪ, ਅਫ਼ਰੀਕਾ ਅਤੇ ਪੱਛਮੀ ਏਸ਼ੀਆ ਨਾਲ ਜੋੜਨ ਵਾਲੀਆਂ ਮੁੱਖ ਕੇਬਲਾਂ (ਜਿਵੇਂ SEA-ME-WE ਅਤੇ AAE-1) ਇਸੇ ਰੂਟ ਤੋਂ ਗੁਜ਼ਰਦੀਆਂ ਹਨ। ਜੇਕਰ ਇਨ੍ਹਾਂ ਕੇਬਲਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ:

  • ਇੰਟਰਨੈੱਟ ਦੀ ਸਪੀਡ: ਯੂਟਿਊਬ, ਇੰਸਟਾਗ੍ਰਾਮ ਅਤੇ ਨੈੱਟਫਲਿਕਸ ਵਰਗੇ ਪਲੇਟਫਾਰਮਾਂ ’ਤੇ ਬਫਰਿੰਗ ਵਧ ਜਾਵੇਗੀ।
  • IT ਸੈਕਟਰ ਨੂੰ ਨੁਕਸਾਨ: ਭਾਰਤ ਦਾ ਲਗਭਗ 23.48 ਲੱਖ ਕਰੋੜ ਰੁਪਏ ਦਾ IT ਅਤੇ ਆਊਟਸੋਰਸਿੰਗ ਸੈਕਟਰ ਰੀਅਲ-ਟਾਈਮ ਕਨੈਕਟੀਵਿਟੀ ’ਤੇ ਟਿਕਿਆ ਹੋਇਆ ਹੈ, ਜੋ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
  • ਬੈਂਕਿੰਗ ਸੇਵਾਵਾਂ: SWIFT ਵਰਗੇ ਅੰਤਰਰਾਸ਼ਟਰੀ ਬੈਂਕਿੰਗ ਲੈਣ-ਦੇਣ ਅਤੇ ਸ਼ੇਅਰ ਬਾਜ਼ਾਰ ਵਿੱਚ ਦੇਰੀ (Latency) ਕਾਰਨ ਵਿੱਤੀ ਜ਼ੋਖ਼ਮ ਵਧ ਸਕਦਾ ਹੈ।

ਕੀ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਇੰਟਰਨੈੱਟ? 

ਮਾਹਿਰਾਂ ਅਨੁਸਾਰ, ‘ਟੋਟਲ ਬਲੈਕਆਊਟ’ (ਪੂਰੀ ਤਰ੍ਹਾਂ ਬੰਦ ਹੋਣਾ) ਦੀ ਸੰਭਾਵਨਾ ਘੱਟ ਹੈ ਕਿਉਂਕਿ ਇੰਟਰਨੈੱਟ ਟ੍ਰੈਫਿਕ ਨੂੰ ਦੂਜੇ ਰਸਤਿਆਂ ’ਤੇ ਡਾਇਵਰਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਦੂਜੇ ਰੂਟਾਂ ’ਤੇ ਲੋਡ ਵਧਣ ਕਾਰਨ ਇੰਟਰਨੈੱਟ ਦੀ ਸਪੀਡ ਬਹੁਤ ਜ਼ਿਆਦਾ ਘੱਟ ਜਾਵੇਗੀ।