International

ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਨਵਾਂ ਹੁਕਮ , ਲੜਕੀਆਂ ਲਈ ਲਗਾਈ ਇਹ ਪਾਬੰਦੀ

The new order of the Taliban in Afghanistan

ਅਫਗਾਨਿਸਤਾਨ : ਤਾਲਿਬਾਨ ਨੇ ਔਰਤਾਂ ਖਿਲਾਫ ਸਖਤ ਹੁਕਮ ਜਾਰੀ ਕੀਤਾ ਹੈ ਜਿਸ ਮੁਤਾਬਿਕ ਅਫਗਾਨਿਸਤਾਨ ਦੇ ਤਾਲਿਬਾਨ ਪ੍ਰਸ਼ਾਸਕਾਂ ਨੇ ਲੜਕੀਆਂ ਅਤੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ‘ਤੇ ਪਾਬੰਦੀ ਲਗਾ ਦਿੱਤੀ ਹੈ।

ਤਾਲਿਬਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਹੁਕਮ ਜਾਰੀ ਕੀਤਾ। ਇਸ ਸਬੰਧ ਵਿਚ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਅਫਗਾਨ ਲੜਕੀਆਂ ਅਤੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਉਚੇਰੀ ਸਿੱਖਿਆ ਮੰਤਰਾਲੇ ਨੇ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਗਲੇ ਨੋਟਿਸ ਤੱਕ ਔਰਤਾਂ ਦੀ ਸਿੱਖਿਆ ਨੂੰ ਮੁਅੱਤਲ ਕਰਨ ਦੇ ਉਕਤ ਹੁਕਮ ਨੂੰ ਲਾਗੂ ਕੀਤਾ ਜਾਵੇ।

ਉੱਚ ਸਿੱਖਿਆ ਮੰਤਰੀ ਦੇ ਪੱਤਰ ਮੁਤਾਬਿਕ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਕੁੜੀਆਂ ਤੇ ਔਰਤਾਂ ਲਈ ਸੰਚਾਲਿਤ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਅਫਗਾਨ ਦੇ ਮੰਤਰੀ ਦਾ ਕਹਿਣਾ ਹੈ ਕਿ ਇਹ ਹੁਕਮ ਅਗਲੀ ਸੂਚਨਾ ਤੱਕ ਲਾਗੂ ਹੈ ਤੇ ਇਸ ਦੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣ ਦੀ ਉਮੀਦ ਹੈ।

ਪੱਤਰ ‘ਤੇ ਉਚੇਰੀ ਸਿੱਖਿਆ ਮੰਤਰੀ ਨੇਦਾ ਮੁਹੰਮਦ ਨਦੀਮ ਦੇ ਦਸਤਖਤ ਵੀ ਹਨ। ਮੰਤਰਾਲੇ ਦੇ ਬੁਲਾਰੇ ਜ਼ਿਆ ਉੱਲਾ ਹਾਸ਼ਿਮੀ, ਜਿਨ੍ਹਾਂ ਨੇ ਇਹ ਪੱਤਰ ਟਵਿੱਟਰ ‘ਤੇ ਪੋਸਟ ਕੀਤਾ ਹੈ, ਨੇ ਇਸ ਆਦੇਸ਼ ਦੀ ਪੁਸ਼ਟੀ ਕੀਤੀ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਅਫਗਾਨਿਸਤਾਨ ਵਿੱਚ ਤਿੰਨ ਮਹੀਨੇ ਪਹਿਲਾਂ ਯੂਨੀਵਰਸਿਟੀ ਦੀ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ, ਜਿਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਲੜਕੀਆਂ ਅਤੇ ਔਰਤਾਂ ਨੇ ਭਾਗ ਲਿਆ ਸੀ। ਇਨ੍ਹਾਂ ‘ਚੋਂ ਕਈ ਲੜਕੀਆਂ ਨੇ ਇੰਜੀਨੀਅਰਿੰਗ, ਮੈਡੀਕਲ ਖੇਤਰ ‘ਚ ਆਪਣਾ ਕਰੀਅਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਸੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਲਿਬਾਨ ਨੇ ਅਫਗਾਨ ‘ਤੇ ਕਬਜ਼ਾ ਕਰਨ ਦੇ ਬਾਅਦ ਔਰਤਾਂ ਤੇ ਕੁੜੀਆਂ ਦੀ ਸਿੱਖਿਆ ਲਈ ਫਰਮਾਨ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਪੁਰਸ਼ਾਂ ਦੇ ਸਕੂਲਾਂ ਵਿਚ ਕੁੜੀ ਨਹੀਂ ਪੜ੍ਹ ਸਕੇਗੀ ਤੇ ਨਾਲ ਹੀ ਇਨ੍ਹਾਂ ਨੂੰ ਮਹਿਲਾ ਟੀਚਰ ਹੀ ਪੜ੍ਹਾ ਸਕਣਗੇ।

ਤਾਲਿਬਾਨ ਨੇ ਆਉਂਦਿਆਂ ਹੀ ਔਰਤਾਂ ‘ਤੇ ਕਈ ਪਾਬੰਦੀਆਂ ਲਾ ਦਿੱਤੀਆਂ

ਪਿਛਲੇ ਸਾਲ ਅਗਸਤ ‘ਚ ਇਸਲਾਮਿਕ ਕੱਟੜਪੰਥੀਆਂ ਨੇ ਅਫਗਾਨਿਸਤਾਨ ‘ਤੇ ਸੱਤਾ ਹਾਸਲ ਕਰ ਲਈ ਸੀ। ਉਦੋਂ ਤੋਂ ਹੀ ਔਰਤਾਂ ਦੀ ਸਿੱਖਿਆ ਅਤੇ ਆਜ਼ਾਦੀ ਵਿੱਚ ਰੁਕਾਵਟ ਆਈ ਸੀ। ਅਫਗਾਨਿਸਤਾਨ ਵਿੱਚ ਔਰਤਾਂ ਉੱਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ ਜਿਸ ਵਿਚ ਪਾਰਕਾਂ, ਜਿੰਮਾਂ ਵਿਚ ਮਹਿਲਾਵਾਂ ਦੀ ਐਂਟਰੀ ‘ਤੇ ਬੈਨ ਤੇ ਕੰਮ ਕਰਨ ‘ਤੇ ਬੈਨ ਆਦਿ ਸ਼ਾਮਲ ਹੈ।
ਇਸ ਦੇ ਨਾਲ ਹੀ ਯੂਨੀਵਰਸਿਟੀ ਵਿੱਚ ਲੜਕੀਆਂ ਲਈ ਵੱਖਰੀਆਂ ਜਮਾਤਾਂ, ਦਾਖ਼ਲੇ ਦੇ ਵੱਖਰੇ ਨਿਯਮ ਲਾਗੂ ਕੀਤੇ ਗਏ। ਕੁੜੀਆਂ ਨੂੰ ਪੜ੍ਹਾਉਣ ਦੀ ਇਜਾਜ਼ਤ ਸਿਰਫ਼ ਮਹਿਲਾ ਪ੍ਰੋਫ਼ੈਸਰਾਂ ਜਾਂ ਬਜ਼ੁਰਗ ਮਰਦਾਂ ਨੂੰ ਸੀ।