ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਦੀਆਂ ਵਿਦਿਆਰਥਣਾਂ ਦੀ ਨਹਾਉਂਦੇ ਸਮੇਂ ਅਸ਼ਲੀਲ ਵੀਡੀਓ ਬਣਾਉਣ ਵਾਲੀ ਮੁਲਜ਼ਮ ਵਿਦਿਆਰਥਣ ਲੜਕੀ ਨੂੰ ਗ੍ਰਿ੍ਫਤਾਰ ਕਰ ਲਿਆ ਗਿਆ ਹੈ। ਇਸ ਮੁਲਜ਼ਮ ਕੁੜੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਇਹ ਵੀਡੀਓ ਸ਼ਿਮਲਾ ਦੇ ਮੁੰਡੇ ਦੇ ਕਹਿਣ ਉਤੇ ਬਣਾਈਆਂ ਸਨ।

ਉਸਨੇ ਦੱਸਿਆ ਕਿ ਉਹ ਇਹ ਵੀਡੀਓ ਬਣਾ ਕੇ ਇਸ ਲੜਕੇ ਨੂੰ ਭੇਜਦੀ ਸੀ ਤੇ ਅੱਗੋਂ ਇਹ ਲੜਕਾ ਇਨ੍ਹਾਂ ਨੂੰ ਵਾਇਰਲ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਾਫੀ ਸਮੇਂ ਤੋਂ ਬਣਾਈ ਜਾ ਰਹੀ ਸੀ। ਜਦੋਂ ਮਾਮਲਾ ਵਾਰਡਨ ਦੇ ਧਿਆਨ ਵਿੱਚ ਆਇਆ ਤਾਂ ਕੁਝ ਕੁੜੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 8 ਲੜਕੀਆਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੱਸੀ ਜਾ ਰਹੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਹੰਗਾਮੇ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਟਵੀਟ ਕਰ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ  ਹੈ ਕਿ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਉਹ ਸ਼ਾਂਤ ਰਹਿਣ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਸਾਡੀਆਂ ਭੈਣਾਂ ਅਤੇ ਧੀਆਂ ਦੀ ਇੱਜ਼ਤ ਨਾਲ ਸੰਬੰਧਿਤ ਹੈ। ਮੀਡੀਆ ਸਮੇਤ ਸਾਨੂੰ ਸਾਰਿਆਂ ਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ, ਇਹ ਇਕ ਸਮਾਜ ਦੇ ਰੂਪ ਵਿਚ ਹੁਣ ਸਾਡੀ ਵੀ ਪ੍ਰੀਖਿਆ ਹੈ।

ਦੱਸ ਦਈਏ ਕਿ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਵੱਲੋਂ ਵਿਦਿਆਰਥਣਾਂ ਦੀਆਂ ਨਹਾਉਂਦੇ ਸਮੇਂ ਦੀਆਂ ਵੀਡੀਓ ਬਣਾਈਆਂ ਗਈਆਂ ਸਨ। ਵਿਦਿਆਰਥਣ ਨੇ ਕਰੀਬ 60 ਹੋਰ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ। ਉਸ ਨੇ ਇਹ ਵੀਡੀਓ ਸ਼ਿਮਲਾ ‘ਚ ਰਹਿੰਦੇ ਆਪਣੇ ਦੋਸਤ ਨੂੰ ਭੇਜੀ ਸੀ। ਉਸ ਨੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਜਦੋਂ ਇਹ ਗੱਲ ਸਾਹਮਣੇ ਆਈ ਤਾਂ 8 ਵਿਦਿਆਰਥਣਾਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਤੋਂ ਕਈ ਵਿਦਿਆਰਥਣਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮੁਤਾਬਿਕ ਹੁਣ ਤੱਕ ਦੋ ਵਿਦਿਆਰਥਣਾਂ ਦੀ ਮੌਤ ਹੋ ਚੁੱਕੀ ਹੈ ਪਰ ਹਾਲੇ ਤੱਕ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋਂ ਇਸਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।