India

ਉਮਰ ਛੋਟੀ ਪਰ ਹੌਂਸਲੇ ਪਹਾੜ ਜਿੱਡੇ

ਦ ਖ਼ਾਲਸ ਬਿਊਰੋ : ਸ਼ੌਕ ਕਿਸੇ ਉਮਰ ਜਾਂ ਪੈਸੇ ਦਾ ਮੁਹਤਾਜ ਨਹੀਂ ਹੁੰਦਾ। ਇਨਸਾਨ ਵਿੱਚ ਜੇਕਰ ਉਸਦੇ ਸੁਪਨਿਆਂ ਦੇ ਨਾਲ ਉਸਦੀ ਮਿਹਨਤ ਜੁੜ ਜਾਏ ਤਾਂ ਉਸ ਦਾ ਰੰਗ ਦੁਨੀਆ ਤੋਂ ਕੁਝ ਅਲੱਗ ਹੀ ਹੁੰਦਾ ਹੈ। ਇੱਦਾਂ ਦੀ ਹੀ ਇੱਕ ਮਿਸਾਲ ਕਾਇਮ ਕਰ ਰਹੀ ਹੈ ਸੱਤ ਸਾਲਾਂ ਦੀ ਛੋਟੀ ਬੱਚੀ ਸਾਨਵੀ ਸੂਦ। ਆਪਣੇ ਬੁਲੰਦ ਹੌਂਸਲੇ ਨਾਲ ਇੱਕ ਸੱਤ ਸਾਲ 10 ਮਹੀਨਿਆਂ ਦੀ ਛੋਟੀ ਜਿਹੀ ਬੱਚੀ ਸਾਨਵੀ ਸੂਦ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ ਉੱਤੇ ਜਾਣ ਦਾ ਟੀਚਾ ਮਿੱਥਿਆ ਹੋਇਆ ਹੈ। ਇਸ ਬੱਚੀ ਵੱਲੋਂ ਆਪਣਾ ਸਫ਼ਰ 1 ਜੂਨ 2022 ਨੂੰ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ 2 ਜੂਨ ਨੂੰ ਲੁਕਲਾ ਤੋਂ ਟਰੈਕਿੰਗ ਸ਼ੁਰੂ ਕਰ ਦਿੱਤੀ ਸੀ। ਬੱਚੀ ਵੱਲੋਂ 9 ਜੂਨ ਤੱਕ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ।

ਪਹਿਲੇ ਦਿਨ ਸਾਨਵੀ ਸੂਦ ਦਿੱਲੀ ਤੋਂ ਕਾਠਮੰਡੂ ਪਹੁੰਚੇ। ਦੂਸਰੇ ਦਿਨ ਉਹ ਤਿੰਨ ਤੋਂ ਚਾਰ ਘੰਟਿਆਂ ਦਾ ਸਫ਼ਰ ਕਰਕੇ ਕਾਠਮੰਡੂ ਤੋਂ ਨੇਪਾਲ ਦੇ ਖੁੰਭੂ ਖੇਤਰ ਦੇ ਇੱਕ ਪਿੰਡ ਫਕਡਿੰਗ ਪਹੁੰਚੇ। ਫਕਡਿੰਗ ਤੋਂ ਨੇਪਾਲ ਦੇ ਇੱਕ ਸ਼ਹਿਰ ਨਮਚੇ ਬਾਜ਼ਾਰ ਤੱਕ ਦਾ ਸਫ਼ਰ ਤੈਅ ਕੀਤਾ ਗਿਆ ਜਿੱਥੇ ਉਸ ਵੱਲੋਂ ਅਰਾਮ ਕੀਤਾ ਗਿਆ। ਚੌਥੇ ਦਿਨ ਨਮਚੇ ਬਾਜ਼ਾਰ ਤੋਂ ਫੋਰਟਸੇ ਤੱਕ, ਫੋਰਟਸੇ ਤੋਂ ਡਿੰਗਬੋਛਏ ਤੱਕ ਦਾ ਸਫ਼ਰ ਤੈਅ ਕੀਤਾ ਗਿਆ। ਇੱਥੇ ਸਾਨਵੀ ਸੂਦ ਨੇ ਅਰਾਮ ਕੀਤਾ ਅਤੇ ਅਗਲੇ ਦਿਨ ਯਾਨਿ ਅੱਠਵੇਂ ਦਿਨ ਫਿਰ ਆਪਣਾ ਸਫ਼ਰ ਸ਼ੁਰੂ ਕਰ ਲਿਆ। ਉਸ ਵੱਲੋਂ ਡਿੰਗਬੋਛਏ ਤੋਂ ਲੋਬੋਚਛੇ ਤੱਕ ਪੈਂਡਾ ਤੈਅ ਕੀਤਾ ਜਾਵੇਗਾ। ਅਤੇ ਕੱਲ੍ਹ ਲੋਬੋਚਛੇ ਤੋਂ ਗੋਰਕਸ਼ੇਪ ਤੱਕ ਸਫ਼ਰ ਤੈਅ ਕੀਤਾ ਜਾਵੇਗਾ ਅਤੇ ਐਵਰੈਸਟ ਦੇ ਬੇਸ ਕੈਂਪ, EBC ਤੱਕ ਸਫ਼ਰ ਖਤਮ ਹੋ ਜਾਵੇਗਾ।

ਇਸ ਸਮੇਂ ਸਾਨਵੀ ਸੂਦ 4400 ਮੀਟਰ ਉੱਚਾਈ ਉੱਤੇ ਹੈ। 50 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਗਿਆ ਹੈ ਅਤੇ ਬੇਸ ਕੈਂਪ ਤੱਕ ਪਹੁੰਚਣ ਲਈ ਲਗਭਗ 15 ਕਿਲੋਮੀਟਰ ਤੱਕ ਦਾ ਸਫ਼ਰ ਬਚਿਆ ਹੈ। ਰਸਤੇ ਵਿੱਚ ਉਨ੍ਹਾਂ ਨੂੰ ਖੜ੍ਹੀਆਂ ਢਲਾਣਾਂ, ਹੌਲੀ-ਹੌਲੀ ਚੜ੍ਹਾਈ, ਪੂਰੀ ਤਰ੍ਹਾਂ ਪਹਾੜੀ ਖੇਤਰ ਆ ਰਹੇ ਹਨ ਪਰ ਉਹ ਆਪਣੇ ਬੁਲੰਦ ਹੌਂਸਲਿਆਂ ਨਾਲ ਚੜਾਈ ਚੜ ਰਹੀ ਹੈ।

ਫਿਰ ਗੋਰਕਸ਼ੇਪ ਤੋਂ ਕਾਲਾਪੱਥਰ ਅਤੇ ਹੇਲੀ ਤੋਂ ਲੂਕਲਾ ਤੱਕ, ਲੁਕਲਾ ਤੋਂ ਕਾਠਮੰਡੂ ਤੱਕ ਅਤੇ 12ਵੇਂ ਦਿਨ ਕਾਠਮੰਡੂ ਪਹੁੰਚਣਗੇ, ਜਿੱਥੋਂ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ। ਸੋ, ਸਾਨਵੀ ਸੂਦ ਨੇ 12 ਦਿਨਾਂ ਵਿੱਚ ਆਪਣਾ ਇਹ ਸਫ਼ਰ ਮੁਕੰਮਲ ਕਰਨ ਬਾਰੇ ਸੋਚਿਆ ਹੋਇਆ ਹੈ।

ਜੇ ਤੁਸੀਂ ਮਾਊਂਟ ਐਵਰੈਸਟ ਦੀ ਚੋਟੀ ਬਾਰੇ ਸੋਚੋ ਤਾਂ ਤੁਹਾਡੇ ਦਿਮਾਗ ਵਿੱਚ ਸ਼ਾਂਤ, ਬਰਫੀਲੀ ਤਸਵੀਰ ਉਭਰੇਗੀ।
ਮਾਊਂਟ ਐਵਰੈਸਟ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ ਜੋ ਕਿ 8,850 ਮੀਟਰ ਜਾਂ ਕਹਿ ਲਈਏ ਕਿ 29,035 ਫੁੱਟ ਉੱਚੀ ਚੋਟੀ ਹੈ। ਇਹ ਏਸ਼ੀਆ ਵਿੱਚ ਨੇਪਾਲ ਅਤੇ ਤਿੱਬਤ / ਚੀਨ ਦੀ ਸਰਹੱਦ ‘ਤੇ ਸਥਿਤ ਹੈ।

ਅਗਰ ਸਾਨਵੀ ਸੂਦ ਆਪਣਾ ਇਹ ਟੀਚਾ ਪੂਰਾ ਕਰ ਲੈਂਦੀ ਹੈ ਤਾਂ ਉਹ ਮਾਊਂਟ ਐਵਰੈਸਟ ਦੇ ਬੇਸ ਕੈਂਪ ਉੱਤੇ ਜਾਣ ਵਾਲੀ ਪਹਿਲੀ ਭਾਰਤ ਦੀ ਸਭ ਤੋਂ ਛੋਟੀ ਬੱਚੀ ਹੋਵੇਗੀ। ‘ਦ ਖ਼ਾਲਸ ਟੀਵੀ ਇਸ ਬੱਚੀ ਦੀ ਹੌਂਸਲਾ ਅਫ਼ਜ਼ਾਈ ਕਰਨ ਦੇ ਨਾਲ ਉਸਨੂੰ ਸ਼ੁਭਕਾਮਨਾਵਾਂ ਵੀ ਦਿੰਦਾ ਹੈ ਕਿ ਉਹ ਆਪਣਾ ਉਦੇਸ਼ ਜ਼ਰੂਰ ਪੂਰਾ ਕਰ ਸਕੇ। ਉਸਦੇ ਸਫ਼ਰ ਤੋਂ ਬਾਅਦ ‘ਦ ਖ਼ਾਲਸ ਟੀਵੀ ਤੁਹਾਡੀ ਉਸ ਬੱਚੀ ਦੇ ਨਾਲ ਮੁਲਾਕਾਤ ਜ਼ਰੂਰ ਕਰਵਾਏਗਾ।