India Lifestyle

ਮੀਂਹ ’ਚ ਛੱਤ ’ਤੇ ਰੀਲ ਬਣਾਉਣ ਗਈ ਸੀ ਲੜਕੀ, ਉੱਤੋਂ ਡਿੱਗੀ ਅਸਮਾਨੀ ਬਿਜਲੀ! ਮਸਾਂ-ਮਸਾਂ ਬਚੀ ਜਾਨ

ਅੱਜਕਲ੍ਹ ਨੌਜਵਾਨਾਂ ’ਤੇ ਸੋਸ਼ਲ ਮੀਡੀਆ ਇਸ ਕਦਰ ਹਾਵੀ ਹੋ ਗਿਆ ਹੈ ਕਿ ਉਹ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਰੀਲਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਤਾਜ਼ਾ ਮਾਮਲਾ ਬਿਹਾਰ ਦੇ ਸੀਤਾਮੜੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਅਸਮਾਨੀ ਬਿਜਲੀ ਦੀ ਚਪੇਟ ਵਿੱਚ ਆਉਣ ਤੋਂ ਵਾਲ-ਵਾਲ ਬਚੀ।

ਦਰਅਸਲ, ਬੇਲਾ ਥਾਣਾ ਖੇਤਰ ਦੇ ਸਿਰਸੀਆ ਪਿੰਡ ਵਿੱਚ ਲੜਕੀ ਸਾਨੀਆ ਕੁਮਾਰੀ ਮੀਂਹ ਦੌਰਾਨ ਆਪਣੀ ਸਹੇਲੀ ਨਾਲ ਛੱਤ ’ਤੇ ਰੀਲ ਬਣਾਉਣ ਪਹੁੰਚੀ ਸੀ। ਪਰ ਇਸੇ ਦੌਰਾਨ ਸਾਨੀਆ ਦੇ ਨੇੜੇ ਬਿਜਲੀ ਡਿੱਗ ਗਈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਸਾਨੀਆ ਕੁਮਾਰੀ ਗੁਆਂਢੀ ਦੇਵਨਾਰਾਇਣ ਭਗਤ ਦੀ ਮਦਦ ਨਾਲ ਬਾਰਿਸ਼ ਵਿੱਚ ਰੀਲ ਬਣਾਉਣ ਲਈ ਛੱਤ ’ਤੇ ਪਹੁੰਚੀ ਸੀ। ਉਸ ਦੀ ਸਹੇਲੀ ਉਸ ਦੀ ਵੀਡੀਓ ਬਣਾ ਰਹੀ ਸੀ। ਇਸੇ ਦੌਰਾਨ ਬਿਜਲੀ ਡਿੱਗਣ ਦੀ ਸਾਰੀ ਘਟਨਾ ਉਸ ਦੇ ਮੋਬਾਈਲ ਵਿੱਚ ਕੈਦ ਹੋ ਗਈ।

ਮਹਾਰਾਸ਼ਟਰ ’ਚ ਕਾਰ ਚਲਾਉਂਦੇ ਸਮੇਂ ਰੀਲਾਂ ਬਣਾ ਰਹੀ ਲੜਕੀ ਦੀ ਖਾਈ ’ਚ ਡਿੱਗਣ ਨਾਲ ਮੌਤ

ਦੱਸ ਦੇਈਏ ਇਸ ਤੋਂ ਪਹਿਲਾਂ 17 ਜੂਨ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਰੀਲਾਂ ਬਣਾਉਂਦੇ ਸਮੇਂ 300 ਫੁੱਟ ਖਾਈ ਵਿੱਚ ਡਿੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਮਾਮਲਾ ਔਰੰਗਾਬਾਦ ਜ਼ਿਲ੍ਹੇ ਦੇ ਸੁਲੀਭੰਜਨ ਦਾ ਸੀ। ਲੜਕੀ ਦੇ ਖਾਈ ਵਿੱਚ ਡਿੱਗਣ ਤੋਂ ਕੁਝ ਸੈਕਿੰਡ ਪਹਿਲਾਂ ਦਾ ਵੀਡੀਓ ਵੀ ਸਾਹਮਣੇ ਆਇਆ ਸੀ।