‘ਦ ਖ਼ਾਲਸ ਟੀਵੀ ਬਿਊਰੋ:- ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ ਤੇ ਅਸੀਂ ਇਸ ਦੀ ਵਰਤੋਂ ਕਿਸ ਹੱਦ ਤੱਕ ਕਰ ਸਕਦੇ ਹਾਂ, ਇਹ ਅੰਦਾਜਾ ਸ਼ਾਇਦ ਇਸ ਖਬਰ ਤੋਂ ਲੱਗ ਜਾਵੇ। ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ 20 ਅਕਤੂਬਰ ਨੂੰ ਇੱਕ 17 ਸਾਲ ਦੀ ਲੜਕੀ ਨੇ ਯੂਟਿਊਬ ਉੱਤੇ ਬੱਚੇ ਨੂੰ ਜਨਮ ਦੇਣ ਦੀ ਵੀਡੀਓ ਦੇਖ ਕੇ ਘਰ ਵਿੱਚ ਇੱਕ ਬੱਚੇ ਨੂੰ ਜਨਮ ਦੇ ਦਿੱਤਾ। ਇਹ ਕਿਹਾ ਜਾ ਰਿਹਾ ਹੈ ਇਹ ਲੜਕੀ ਉਸਦੇ ਕਥਿਤ ਪ੍ਰੇਮੀ ਕੋਲੋ ਗਰਭਵਤੀ ਸੀ। ਲੜਕੀ ਨੂੰ ਇਨਫੈਕਸ਼ਨ ਫੈਲਣ ਤੋਂ ਬਾਅਦ ਜਣੇਪੇ ਦਾ ਮਾਮਲਾ ਦੋ ਦਿਨਾਂ ਬਾਅਦ 22 ਅਕਤੂਬਰ ਨੂੰ ਘਰਵਾਲਿਆਂ ਦੇ ਸਾਹਮਣੇ ਆਇਆ ਹੈ। ਲੜਕੀ ਦੇ ਮਾਂ ਬਾਪ ਨੇਤਰਹੀਣ ਦੱਸੇ ਜਾ ਰਹੇ ਹਨ ਅਤੇ ਬੱਚੇ ਦੇ ਰੋਣ ਤੋਂ ਇਸ ਘਟਨਾ ਦਾ ਉਨ੍ਹਾਂ ਨੂੰ ਅੰਦਾਜਾ ਹੋਇਆ ਹੈ।
ਪੁਲਿਸ ਦੇ ਅਨੁਸਾਰ ਮਾਂ ਅਤੇ ਬੱਚਾ ਫਿਲਹਾਲ ਮੰਜੇਰੀ ਦੇ ਇਕ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਦਾਖਲ ਹੈ ਤੇ ਦੋਵਾਂ ਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਉੱਧਰ ਪੁਲਿਸ ਨੇ ਇਸ ਮਾਮਲੇ ਦੇ ਦੋਸ਼ੀ 21 ਸਾਲ ਦੇ ਨੌਜਵਾਨ ਨੂੰ ਫੜ੍ਹ ਕੇ ਧਾਰਾ 376 (ਬਲਾਤਕਾਰ) ਅਤੇ ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਤਹਿਤ ਐਫਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਜ਼ਿਲ੍ਹੇ ਦੇ ਕੋਟਕਕਲ ਥਾਣੇ ਅਧੀਨ ਵਾਪਰਿਆ ਹੈ ਤੇ ਇਸ ਲੜਕੀ ਨੇ 20 ਅਕਤੂਬਰ ਨੂੰ ਘਰ ‘ਚ ਯੂ-ਟਿਊਬ ਉੱਤੇ ਨਾੜੂਆ ਕੱਟਣਾ ਦੇਖ ਕੇ ਬੱਚੇ ਨੂੰ ਜਨਮ ਦੇ ਦਿੱਤਾ।
ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਲੜਕੀ ਨੇ ਜਣੇਪੇ ਦੌਰਾਨ ਕਿਸੇ ਦੀ ਮਦਦ ਨਹੀਂ ਲਈ, ਸਗੋਂ ਘਰ ਵਾਲਿਆਂ ਨੂੰ ਦੋ ਦਿਨ ਬਾਅਦ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਈ। ਇਹ ਲੜਕੀ 12ਵੀਂ ਜਮਾਤ ‘ਚ ਪੜ੍ਹਦੀ ਹੈ ਅਤੇ ਉਸਨੇ ਇਹ ਆਪਣੇ ਮਾਪਿਆਂ ਤੋਂ ਲੁਕਾਉਣ ਲਈ ਕੀਤਾ ਸੀ। ਇਸ ਲੜਕੀ ਦੇ ਦੱਸੇ ਅਨੁਸਾਰ ਉਹ ਗ੍ਰਿਫਤਾਰ ਕੀਤੇ ਗਏ ਲੜਕੇ ਨਾਲ ਕਾਫੀ ਸਮੇਂ ਤੋਂ ਪ੍ਰੇਮ ਸੰਬੰਧਾਂ ਵਿੱਚ ਸੀ ਤੇ ਲੜਕੀ ਦੇ 18 ਸਾਲ ਦੀ ਹੋਣ ‘ਤੇ ਦੋਵੇਂ ਵਿਆਹ ਕਰ ਲੈਣ ਦੀ ਯੋਜਨਾ ਵੀ ਬਣਾ ਰਹੇ ਸਨ।
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਦੋਸ਼ੀ ਲੜਕੇ ਦੇ ਪਰਿਵਾਰ ਵਾਲੇ ਲੜਕੀ ਤੇ ਉਸਦੇ ਬੱਚੇ ਦੀ ਦੇਖਭਾਲ ਕਰ ਰਹੇ ਹਨ, ਪਰ ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ ਕਿਉਂ ਕਿ ਲੜਕੀ ਦੀ ਉਮਰ 17 ਸਾਲ ਦੀ ਹੈ।