ਛੱਤੀਸਗੜ੍ਹ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ ਹੋਣ ਕਰਕੇ ਗੁੱਸੇ ‘ਚ ਆ ਕੇ ਉਸ ਨੂੰ ਵਿਸਫੋਟਕ ਨਾਲ ਹੋਮ ਥੀਏਟਰ ਤੋਹਫੇ ‘ਚ ਦੇ ਦਿੱਤਾ। ਜਿਵੇਂ ਹੀ ਉਸ ਦੀ ਪ੍ਰੇਮਿਕਾ ਦੇ ਲਾੜੇ ਨੇ ਉਸ ਨੂੰ ਤੋਹਫ਼ੇ ਵਜੋਂ ਮਿਲੇ ਹੋਮ ਥੀਏਟਰ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ‘ਚ ਲੜਕੀ ਦਾ ਪਤੀ ਅਤੇ ਉਸ ਦਾ ਜੀਜਾ ਮਾਰਿਆ ਗਿਆ, ਜਦਕਿ ਕਈ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਘਟਨਾ ਛੱਤੀਸਗੜ੍ਹ ਦੇ ਕਵਾਰਧਾ ਦੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਧਮਾਕਾ ਹੋਮ ਥਿਏਟਰ ‘ਚ ਇਸ ਲਈ ਹੋਇਆ ਕਿਉਂਕਿ ਕਿਸੇ ਨੇ ਪਹਿਲਾਂ ਹੀ ਇਸ ਦੇ ਅੰਦਰ ਜਾਨਲੇਵਾ ਵਿਸਫੋਟਕ ਲਾਇਆ ਹੋਇਆ ਸੀ। ਪੁਲਿਸ ਨੇ ਇਸ ਜਾਂਚ ਵਿੱਚ ਫੋਰੈਂਸਿਕ ਟੀਮ ਦੀ ਮਦਦ ਵੀ ਲਈ ਹੈ।
ਬਾਅਦ ਵਿੱਚ ਪੁਲਿਸ ਨੇ ਵਿਆਹ ਦੌਰਾਨ ਮਿਲੇ ਤੋਹਫ਼ਿਆਂ ਦੀ ਸੂਚੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲੱਗਾ ਕਿ ਇਸ ਹੋਮ ਥੀਏਟਰ ਨੂੰ ਕਿਸ ਨੇ ਗਿਫਟ ਕੀਤਾ ਸੀ। ਇਸ ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਦੇ ਬੁਆਏਫ੍ਰੈਂਡ ਨੇ ਉਸ ਨੂੰ ਇਹ ਗਿਫਟ ਕੀਤਾ ਸੀ। ਪੁਲੀਸ ਨੇ ਮੁਲਜ਼ਮ ਦੀ ਪਛਾਣ ਸਰਜੂ ਵਜੋਂ ਕੀਤੀ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ਬਾਰੇ ਐਡੀਸ਼ਨਲ ਐਸਪੀ ਮਨੀਸ਼ਾ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਸਰਜੂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਆਪਣੀ ਪ੍ਰੇਮਿਕਾ ਦਾ ਵਿਆਹ ਕਿਸੇ ਹੋਰ ਨਾਲ ਕਰਾਉਣ ਤੋਂ ਨਾਰਾਜ਼ ਸੀ, ਇਸ ਲਈ ਉਸ ਨੂੰ ਹੋਮ ਥੀਏਟਰ ਵਿੱਚ ਵਿਸਫੋਟਕ ਸਮੱਗਰੀ ਗਿਫਟ ਕਰ ਦਿੱਤੀ। ਵਿਸਫੋਟਕ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਜਿਵੇਂ ਹੀ ਵਿਸਫੋਟਕ ਬਿਜਲੀ ਦੇ ਕਰੰਟ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਫਟ ਜਾਂਦਾ ਹੈ।
ਘਟਨਾ ਕਿਵੇਂ ਵਾਪਰੀ
ਪੁਲਿਸ ਅਧਿਕਾਰੀ ਮੁਤਾਬਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹੇਮੇਂਦਰ ਮਾਰਵੀ ਦਾ ਵਿਆਹ 30 ਤਰੀਕ ਨੂੰ ਕਵਾਰਧਾ ਦੇ ਰੇਂਗਾਖਰ ਦੇ ਚਮਾਰੀ ਪਿੰਡ ‘ਚ ਹੋਇਆ ਸੀ। ਵਿਆਹ ਦਾ ਰੁਝੇਵਾਂ ਘਟਣ ਤੋਂ ਬਾਅਦ ਸੋਮਵਾਰ ਨੂੰ ਪਰਿਵਾਰਕ ਮੈਂਬਰ ਦਾਜ ਵਿੱਚ ਮਿਲਣ ਵਾਲੀਆਂ ਚੀਜ਼ਾਂ ਨੂੰ ਦੇਖ ਰਹੇ ਸਨ। ਇਸ ਦੌਰਾਨ ਲਾੜਾ ਹੇਮੇਂਦਰ ਅਤੇ ਉਸ ਦੇ ਭਰਾ ਨੇ ਹੋਮ ਥੀਏਟਰ ਸ਼ੁਰੂ ਕੀਤਾ ਜਿਸ ਵਿੱਚ ਪਹਿਲਾਂ ਹੀ ਬਿਸਫੋਟਕ ਲੱਗਿਆ ਹੋਇਆ ਸੀ। ਹੋਮ ਥੀਏਟਰ ਚਾਲੂ ਹੁੰਦੇ ਹੀ ਇਹ ਧਮਾਕਾ ਹੋ ਗਿਆ। ਧਮਾਕੇ ‘ਚ ਲਾੜੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।