Punjab

ਮੋਹਾਲੀ ‘ਚ ਡਿਊਟੀ ਤੋਂ ਘਰ ਪਰਤਦਿਆਂ ਅਣਪਛਾਤਿਆਂ ਨੇ ਲੜਕੀ ਦਾ ਕਰ ਦਿੱਤਾ ਇਹ ਹਾਲ, CCTV ਕੈਮਰੇ ’ਚ ਕੈਦ

Girl attacked in Mohali, both arms broken, attacker caught on CCTV camera

ਮੋਹਾਲੀ -ਸ਼ਹਿਰ ‘ਚ ਇਕ ਲੜਕੀ ‘ਤੇ ਦੋ ਅਣਪਛਾਤੇ ਬਦਮਾਸ਼ਾਂ ਨੇ ਬੇਸਬਾਲ ਬੱਟਾਂ ਅਤੇ ਹਾਕੀ ਸਟਿੱਕਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਲੜਕੀ ਜ਼ਖ਼ਮੀ ਹੋ ਗਈ। ਇਹ ਵਾਰਦਾਤ ਬੀਤੇ ਦਿਨ ਤੜਕੇ ਕਰੀਬ 3.15 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਮੁਹਾਲੀ ਦੇ ਫ਼ੇਜ਼-1 ਦੇ ਰਿਹਾਇਸ਼ੀ ਇਲਾਕੇ (ਐਲਆਈਜੀ ਹਾਊਸ) ਵਿੱਚ ਰਹਿੰਦੀ ਹੈ। ਉਹ ਫੇਜ਼ ਵਨ ਵਿੱਚ ਸਥਿਤ ਉਦਯੋਗਿਕ ਖੇਤਰ ਵਿੱਚ NAAC ਗਲੋਬਲ ਨਾਮ ਦੀ ਇੱਕ ਕੰਪਨੀ ਵਿੱਚ ਕੰਮ ਕਰਦੀ ਹੈ।

ਰੋਜ਼ਾਨਾ ਦੀ ਤਰ੍ਹਾਂ ਉਹ ਕੰਪਨੀ ਦੀ ਕੈਬ ‘ਚ ਵਾਪਸ ਘਰ ਆਈ ਪਰ ਘਰ ਦੇ ਗੇਟ ‘ਤੇ ਹੀ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰ ਸਿਰ ‘ਤੇ ਵਾਰ ਕਰ ਰਹੇ ਸਨ ਪਰ ਅਲੀਸ਼ਾ ਨੇ ਆਪਣੀਆਂ ਦੋਵੇਂ ਬਾਂਹਾਂ ਚੁੱਕ ਕੇ ਸਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਸਿਰ ਤਾਂ ਵਾਲ-ਵਾਲ ਬਚ ਗਿਆ ਪਰ ਦੋਵੇਂ ਬਾਂਹਾਂ ‘ਚ ਫਰੈਕਚਰ ਹੋ ਗਿਆ। ਰਿਸ਼ਤੇਦਾਰ ਘਰੋਂ ਬਾਹਰ ਨਿਕਲੇ ਤਾਂ ਹਮਲਾਵਰ ਫ਼ਰਾਰ ਹੋ ਗਏ।

ਅਲੀਸ਼ਾ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਹਮਲਾਵਰ ਭੱਜ ਗਏ। ਅਲੀਸ਼ਾ ਨੂੰ ਤੁਰੰਤ ਫੇਜ਼ 6 ਸਥਿਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਮਲਾਵਰਾਂ ਦੇ ਚਿਹਰੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਅਲੀਸ਼ਾ ਦੇ ਪਤੀ ਸਿਧਾਰਥ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਫੇਜ਼-1 ਸਥਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਡਰਾਈਵਰ ‘ਤੇ ਪ੍ਰੋਟੋਕਾਲ ਤੋੜਨ ਦਾ ਵੀ ਦੋਸ਼

ਉਨ੍ਹਾਂ ਕੰਪਨੀ ਦੀ ਕੈਬ ਦੇ ਡਰਾਈਵਰ ‘ਤੇ ਪ੍ਰੋਟੋਕੋਲ ਤੋੜਨ ਦਾ ਦੋਸ਼ ਵੀ ਲਾਉਂਦਿਆਂ ਕਿਹਾ ਕਿ ਨਿਯਮ ਅਨੁਸਾਰ ਕੈਬ ਡਰਾਈਵਰ ਨੂੰ ਲੜਕੀ ਦੇ ਘਰ ਦਾਖ਼ਲ ਹੋਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਇਸ ਮਾਮਲੇ ‘ਚ ਅਜਿਹਾ ਨਹੀਂ ਹੋਇਆ।