ਬਿਉਰੋ ਰਿਪੋਰਟ: ਮੁਹਾਲੀ ਜ਼ਿਲ੍ਹੇ ਦੇ ਬਲਟਾਣਾ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੀ ਪੰਚਕੂਲਾ ਦੀ ਰਹਿਣ ਵਾਲੀ 19 ਸਾਲਾ ਲੜਕੀ ਨਾਲ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਆਪਣੇ ਬੌਸ ’ਤੇ ਕੋਲਡ ਡਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਹੋਣ ’ਤੇ ਉਸ ਨਾਲ ਜ਼ਬਰਜਨਾਹ ਕਰਨ ਦਾ ਇਲਜ਼ਾਮ ਲਗਾਇਆ ਹੈ।
ਫਿਲਹਾਲ ਪੀੜਤਾ ਦੀ ਸ਼ਿਕਾਇਤ ’ਤੇ ਪੰਚਕੂਲਾ ਪੁਲਿਸ ਨੇ ਜ਼ਬਰਜਨਾਹ ਦੇ ਇਲਜ਼ਾਮ ’ਚ ਜ਼ੀਰੋ ਐੱਫ.ਆਈ.ਆਰ ਦਰਜ ਕਰਕੇ ਮਾਮਲਾ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਥਾਣੇ ਨੂੰ ਭੇਜ ਦਿੱਤਾ ਹੈ। ਜ਼ੀਰਕਪੁਰ ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਪੰਚਕੂਲਾ ਦੀ ਰਹਿਣ ਵਾਲੀ ਹੈ ਅਤੇ ਆਪਣੇ ਬਿਮਾਰ ਮਾਤਾ-ਪਿਤਾ ਦੀ ਦੇਖਭਾਲ ਦਾ ਕੰਮ ਕਰਦੀ ਹੈ। ਕੁਝ ਸਮਾਂ ਪਹਿਲਾਂ ਉਹ ਮੁਹਾਲੀ ਜ਼ਿਲ੍ਹੇ ਦੇ ਬਲਟਾਣਾ ਵਿੱਚ ਇੱਕ ਪ੍ਰਾਪਰਟੀ ਦਫ਼ਤਰ ਵਿੱਚ ਕੰਮ ਕਰਨ ਲੱਗੀ, ਜਿੱਥੇ ਅਜੈ ਨਾਂ ਦਾ ਉਸ ਦਾ ਬੌਸ ਸੀ।
ਪੀੜਤਾ ਅਨੁਸਾਰ 11 ਸਤੰਬਰ ਨੂੰ ਅਜੈ ਨੇ ਉਸ ਨੂੰ ਢਕੋਲੀ ਵਿੱਚ ਪਲਾਟ ਦਿਖਾਉਣ ਦਾ ਬਹਾਨਾ ਬਣਾ ਕੇ ਆਪਣੀ ਕਾਰ ਵਿੱਚ ਬਿਠਾ ਲਿਆ। ਵਾਪਸ ਆਉਂਦੇ ਸਮੇਂ ਉਸ ਨੇ ਉਸ ਨੂੰ ਨਸ਼ੀਲੀ ਕੋਲਡ ਡਰਿੰਕ ਪਿਲਾ ਦਿੱਤੀ, ਜਿਸ ਕਾਰਨ ਉਹ ਨਸ਼ੇ ਦੀ ਹਾਲਤ ਵਿੱਚ ਆ ਗਈ। ਇਸ ਤੋਂ ਬਾਅਦ ਅਜੈ ਉਸ ਨੂੰ ਬਲਟਾਣਾ ਸਥਿਤ ਆਪਣੇ ਦਫ਼ਤਰ ਲੈ ਗਿਆ ਅਤੇ ਕੈਬਿਨ ਵਿੱਚ ਉਸ ਨਾਲ ਜ਼ਬਰਜਨਾਹ ਕੀਤਾ।
ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਘਰ ਭੇਜ ਦਿੱਤਾ। ਪੀੜਤਾ ਨੇ ਇਸ ਘਟਨਾ ਦੀ ਸ਼ਿਕਾਇਤ ਪੰਚਕੂਲਾ ਦੇ ਸੈਕਟਰ-5 ਥਾਣੇ ’ਚ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜ਼ੀਰੋ ਐੱਫਆਈਆਰ ਦਰਜ ਕਰਕੇ ਮਾਮਲਾ ਜ਼ੀਰਕਪੁਰ ਥਾਣੇ ਨੂੰ ਭੇਜ ਦਿੱਤਾ ਹੈ।