ਪੰਜਾਬੀ ਗਾਇਕ ਗਿੱਪੀ ਗਰੇਵਾਲ ਕੈਨੇਡਾ ਦੇ ਵੈਸਟ ਵੈਨਕੂਵਰ ਵਿੱਚ ਆਪਣੇ ਘਰ ਦੇ ਬਾਹਰ ਹੋਈ ਗੋਲ਼ੀਬਾਰੀ ਤੋਂ ਬਾਅਦ ਸਦਮੇ ਵਿੱਚ ਹੈ। ਇਸ ਘਟਨਾ ਦੇ ਕਰੀਬ 11 ਘੰਟੇ ਬਾਅਦ ਗਿੱਪੀ ਗਰੇਵਾਲ ਹੁਣ ਮੀਡੀਆ ਦੇ ਸਾਹਮਣੇ ਆ ਗਏ ਹਨ। ਗਿੱਪੀ ਨੇ ਆਪਣੇ ਘਰ ‘ਤੇ ਗੋਲ਼ੀਬਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਪੋਸਟ ਨੂੰ ਲੈ ਕੇ ਵੀ ਹੈਰਾਨੀ ਪ੍ਰਗਟਾਈ ਗਈ ਹੈ।
ਬੀਤੇ ਦਿਨੀਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਕਿ ‘ਮੇਰਾ ਘਰ ਵੈਸਟ ਵੈਨਕੂਵਰ ‘ਚ ਹੈ, ਮੇਰੀ ਕਾਰ ਤੇ ਮੇਰੇ ਗੈਰਾਜ ‘ਤੇ ਫਾਇਰਿੰਗ ਹੋਈ ਹੈ। ਸਾਨੂੰ ਹਾਲੇ ਤੱਕ ਸਮਝ ਨਹੀਂ ਆ ਰਿਹਾ ਕਿ ਆਖ਼ਰ ਇਹ ਹੋਇਆ ਕਿਉਂ ਹੈ। ਕਿਉਂਕਿ ਮੈਂ ਅੱਜ ਤੱਕ ਕਿਸੇ ਵਿਵਾਦ ‘ਚ ਨਹੀਂ ਫਸਿਆ। ਮੇਰੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ, ਮੈਂ ਇਹੀ ਸੋਚ ਰਿਹਾ ਸੀ ਕਿ ਆਖ਼ਰ ਮੈਂ ਅਜਿਹਾ ਕੀਤਾ ਕੀ ਹੈ ਕਿ ਇਹ ਸਭ ਹੋਇਆ ਹੈ।’
ਗਿੱਪੀ ਗਰੇਵਾਲ ਨੇ ਸਲਮਾਨ ਖ਼ਾਨ ਬਾਰੇ ਬੋਲਦਿਆਂ ਇਹ ਵੀ ਕਿਹਾ ਕਿ ਮੇਰੇ ਘਰ ‘ਤੇ ਫਾਇਰਿੰਗ ਦੀ ਵਜ੍ਹਾ ਸਲਮਾਨ ਖ਼ਾਨ ਨੂੰ ਦੱਸਿਆ ਜਾ ਰਿਹਾ ਹੈ। ਜਦੋਂ ਇਸ ਸਭ ‘ਚ ਸਲਮਾਨ ਦਾ ਨਾਮ ਸਾਹਮਣੇ ਆਇਆ ਤਾਂ ਮੈਂ ਹੈਰਾਨ ਹੋ ਰਿਹਾ ਸੀ, ਕਿਉਂਕਿ ਮੇਰੀ ਸਲਮਾਨ ਖ਼ਾਨ ਨਾਲ ਕੋਈ ਦੋਸਤੀ ਹੀ ਨਹੀਂ ਹੈ। ਮੈਂ ਤਾਂ ਉਨ੍ਹਾਂ ਨੂੰ ਇੱਕ ਕੋ ਸਟਾਰ ਦੇ ਰੂਪ ‘ਚ ਜਾਣਦਾ ਹਾਂ। ਫ਼ਿਲਮ ਦੇ ਪ੍ਰੋਡਿਊਸਰ ਨੇ ਸਲਮਾਨ ਨੂੰ ਟਰੇਲਰ ਲੌਂਚ ਉੱਤੇ ਬੁਲਾਇਆ ਸੀ। ਇਸ ਤੋਂ ਪਹਿਲਾਂ ਮੈਂ ਸਲਮਾਨ ਨੂੰ ਬਿੱਗ ਬੌਸ ‘ਚ ਮਿਲਿਆ ਸੀ। ਮੈਨੂੰ ਹਾਲੇ ਵੀ ਸਮਝ ਨਹੀਂ ਆ ਰਿਹਾ ਹੈ ਕਿ ਇਹ ਸਭ ਦਾ ਕੀ ਕਾਰਨ ਹੈ।’
ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਵੱਲੋਂ ਪਾਈ ਗਈ ਪੋਸਟ ਤੋਂ ਇਸ ਘਟਨਾ ਬਾਰੇ ਸੋਚ ਕੇ ਹੈਰਾਨ ਰਹਿ ਗਏ। ਉਹ ਅਜੇ ਤੱਕ ਇਹ ਨਹੀਂ ਸਮਝ ਸਕਿਆ ਕਿ ਉਸ ਦੇ ਘਰ ‘ਤੇ ਗੋਲ਼ੀਬਾਰੀ ਕਿਉਂ ਕੀਤੀ ਗਈ। ਲਾਰੈਂਸ ਬਿਸ਼ਨੋਈ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਤੱਕ ਉਨ੍ਹਾਂ ਨੂੰ ਲਾਰੇਂਸ ਬਿਸ਼ਨੋਈ ਤੋਂ ਕੋਈ ਧਮਕੀ ਨਹੀਂ ਮਿਲੀ ਹੈ। ਉਸ ਦਾ ਕਦੇ ਫੋਨ ਵੀ ਨਹੀਂ ਆਇਆ। ਗੋਲ਼ੀਬਾਰੀ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਕਾਲ ਨਹੀਂ ਆਈ ਹੈ।
ਦੱਸ ਦੇਈਏ ਕਿ ਸ਼ਨੀਵਾਲ ਨੂੰ ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ‘ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ। ਗਿੱਪੀ ਕੁਝ ਸਮਾਂ ਪਹਿਲਾਂ ਹੀ ਨਵੇਂ ਘਰ ‘ਚ ਸ਼ਿਫ਼ਟ ਹੋਏ ਹਨ। ਗੋਲ਼ੀਬਾਰੀ ਦੇ ਸਮੇਂ ਗਿੱਪੀ ਦਾ ਪਰਿਵਾਰ ਘਰ ‘ਚ ਮੌਜੂਦ ਸੀ। ਗਿੱਪੀ ਦੇ ਘਰ ਦੇ ਬਾਹਰ ਚਾਰ ਗੋਲੀਆਂ ਚਲਾਈਆਂ ਗਈਆਂ, ਜੋ ਉਨ੍ਹਾਂ ਦੀ ਨਵੀਂ ਖਰੀਦੀ ਕਾਰ ਲੈਂਬੋਰਗਿਨੀ ਨੂੰ ਲੱਗੀਆਂ।
ਹਮਲੇ ਤੋਂ ਕੁਝ ਦੇਰ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ ਗਈ। ਇਸ ਵਿੱਚ ਲਾਰੈਂਸ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਪਿੱਛੇ ਵਜ੍ਹਾ ਗਿੱਪੀ ਦੀ ਸਲਮਾਨ ਨਾਲ ਨੇੜਤਾ ਦੱਸੀ ਗਈ ਸੀ। ਪਰ ਹੁਣ ਗਿੱਪੀ ਨੇ ਖ਼ੁਦ ਸਾਹਮਣੇ ਆ ਕੇ ਬੋਲਿਆ ਹੈ ਕਿ ਉਨ੍ਹਾਂ ਦੀ ਸਲਮਾਨ ਖ਼ਾਨ ਨਾਲ ਕੋਈ ਨੇੜਤਾ ਜਾਂ ਦੋਸਤੀ ਨਹੀਂ ਹੈ।