ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਹਟਾਉਣ ਤੋਂ ਬਾਅਦ ਬਾਦਲ ਧੜੇ ਵਿੱਚ ਜਿਵੇਂ ਅਸਤੀਫ਼ਿਆਂ ਦੀ ਝੜੀ ਲੱਗ ਗਈ। ਇੱਕ ਤੋਂ ਬਾਅਦ ਇੱਕ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਰਿਹਾ ਹੈ।
ਅਕਾਲੀ ਦਲ ਵਿੱਚ ਇਸ ਬਗਾਵਤ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਸਮਝਣ ਵਾਲਿਆਂ ‘ਚ ਰੋਸ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਸਮਝਣ ਵਾਲਿਆਂ ‘ਚ ਰੋਸ ਹੈ ਅਤੇ ਇਸੇ ਰੋਸ ਵਜੋਂ ਅਕਾਲੀ ਆਗੂ ਅਸਤੀਫ਼ੇ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਅਰਦਾਸ ਕਰੀਏ ਕਿ ਗੁਰੂ ਸਾਹਿਬ ਪੰਥ ਵਿਚ ਸ਼ਾਂਤੀ ਬਖਸ਼ਿਸ਼ ਕਰਨ ਤੇ ਸਾਰਾ ਪੰਥ ਚੜ੍ਹਦੀ ਕਲਾ ਲਈ ਰਹਿ ਕੇ ਸਿੱਖ ਪੰਥ ਦੀ ਸੇਵਾ ਕਰੇ। ਇਹ ਜੋ ਵਰਤਾਰੇ ਵਾਪਰ ਰਹੇ ਨੇ ਇਹ ਨਾ ਵਾਪਰਨ ਤੇ ਪੰਥ ਵਿਚ ਸੁੱਖ ਸ਼ਾਂਤੀ ਰਹੇ।
ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਕਰਕੇ ਕੁਝ ਅਕਾਲੀ ਆਗੂਆਂ ਵਲੋਂ ਅਸਤੀਫ਼ੇ ਦਿੱਤੇ ਜਾਣ ਸੰਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਮਾਮਲਾ ਹੈ ਤੇ ਜਿਹੜੇ ਲੋਕ ਇਹ ਮਾਣ ਮਰਿਆਦਾ ਸਮਝਦੇ ਹਨ ਉਹ ਰੋਸ ਵਜੋਂ ਇਹ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤਖ਼ਤਸਾਹਿਬ ਦਾ, ਪਦਵੀਆਂ ਦਾ, ਸੰਸਥਾਵਾਂ ਦਾ ਸਨਮਾਨ ਰੱਖਣਾ ਚਾਹੀਦਾ ਹੈ।