Punjab Religion

ਗਿਆਨੀ ਰਘਬੀਰ ਸਿੰਘ ਨੇ ਲਗਾਓ SGPC ਅਤੇ ਬਾਦਲ ਪਰਿਵਾਰ ‘ਤੇ ਗੰਭੀਰ ਇਲਜ਼ਾਮ

ਅੱਜ 18 ਫਰਵਰੀ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਬਾਦਲ ਪਰਿਵਾਰ ਵਿਰੁੱਧ ਬਗਾਵਤੀ ਸੁਰ ਦਿਖਾਏ ਹਨ। ਉਨ੍ਹਾਂ ਨੇ SGPC ਅੰਦਰ ਵਧ ਰਹੇ ਭ੍ਰਿਸ਼ਟਾਚਾਰ ਅਤੇ ਮਾੜੇ ਵਰਤਾਰੇ ਦੀਆਂ ਕਈ ਪਰਤਾਂ ਖੋਲ੍ਹਦਿਆਂ ਗੰਭੀਰ ਖੁਲਾਸੇ ਕੀਤੇ ਹਨ।

ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਇਲਜ਼ਾਮ ਲਾਇਆ ਕਿ ਲੰਗਰ ਵਿੱਚ ਵਰਤੀਆਂ ਜਾਂਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਗੁਰੂ ਘਰਾਂ ਵਿੱਚ ਅਖੰਡ ਪਾਠ ਸਾਹਿਬ ਕਰਵਾਉਣ ਲਈ ਸ਼ਰਧਾਲੂਆਂ ਤੋਂ 5 ਲੱਖ ਰੁਪਏ ਤੱਕ ਦੀ ਭੇਟਾ ਮੰਗੀ ਜਾ ਰਹੀ ਹੈ, ਜੋ ਬਹੁਤ ਮੰਦਭਾਗਾ ਅਤੇ ਸਿੱਖ ਵਿਰੋਧੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਘਰਾਂ ਦੀਆਂ ਕੀਮਤੀ ਜ਼ਮੀਨਾਂ ਨੂੰ ਵੇਚ-ਵੇਚ ਕੇ ਪੈਸੇ ਨਿੱਜੀ ਜੇਬਾਂ ਵਿੱਚ ਪਾਏ ਜਾ ਰਹੇ ਹਨ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਚੱਲ ਰਹੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਮੁੜ ਚੁੱਕਦਿਆਂ ਉਨ੍ਹਾਂ ਪੁੱਛਿਆ ਕਿ ਇਹ ਸਰੂਪ ਆਖਰ ਕਿੱਥੇ ਗਏ ਹਨ ਅਤੇ ਇਸ ਬਾਰੇ ਕੋਈ ਜਾਂਚ ਕਿਉਂ ਨਹੀਂ ਹੋ ਰਹੀ।

ਉਨ੍ਹਾਂ SGPC ਦੀ ਉੱਚ ਲੀਡਰਸ਼ਿਪ ਨੂੰ ਸਿੱਧੇ ਤੌਰ ‘ਤੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸੰਸਥਾ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਹੈ। ਬਾਦਲ ਪਰਿਵਾਰ ਵੱਲੋਂ ਭ੍ਰਿਸ਼ਟ ਕਰਮਚਾਰੀਆਂ ਦੀ ਪੁਸ਼ਟੀ ਪਨਾਹੀ ਕੀਤੀ ਜਾਂਦੀ ਹੈ ਅਤੇ ਸਾਰੇ ਘੁਟਾਲਿਆਂ ਪਿੱਛੇ ਉਨ੍ਹਾਂ ਦਾ ਹੱਥ ਹੈ।

ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ 2 ਦਸੰਬਰ ਵਾਲੇ ਹੁਕਮਨਾਮੇ (ਜੋ ਬਾਦਲ ਪਰਿਵਾਰ ਅਤੇ ਅਕਾਲੀ ਦਲ ਨਾਲ ਜੁੜਿਆ ਸੀ) ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ। ਜੇਕਰ ਪੰਥਕ ਹਿੱਤਾਂ ਲਈ ਲੋੜ ਪਈ ਤਾਂ ਉਹ ਸਰਬੱਤ ਖਾਲਸਾ ਸੱਦਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਨੇ ਸਮੂਹ ਜਥੇਬੰਦੀਆਂ, ਨਿਹੰਗ ਸਿੰਘਾਂ, ਦਮਦਮੀ ਟਕਸਾਲ, ਨਿਰਮਲੇ, ਉਦਾਸੀ ਸੰਪਰਦਾਵਾਂ, ਕਿਸਾਨ ਜਥੇਬੰਦੀਆਂ ਅਤੇ ਵਿਦੇਸ਼ੀ ਸਿੱਖ ਸਭਾਵਾਂ ਨੂੰ ਅਪੀਲ ਕੀਤੀ ਕਿ ਨਿੱਜੀ ਮੱਤਭੇਦ ਤਿਆਗ ਕੇ ਕੌਮੀ ਹਿੱਤਾਂ ਲਈ ਇੱਕਜੁੱਟ ਹੋਣ।

ਇਸ ਪ੍ਰੈਸ ਕਾਨਫਰੰਸ ਤੋਂ ਬਾਅਦ SGPC ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹਲਚਲ ਮੱਚ ਗਈ ਹੈ। ਗਿਆਨੀ ਰਘਬੀਰ ਸਿੰਘ ਦਾ ਇਹ ਰੂਪ ਸਿੱਖ ਸੰਗਤ ਲਈ ਹੈਰਾਨੀਜਨਕ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਜਥੇਦਾਰ ਦੇ ਅਹੁਦੇ ‘ਤੇ ਰਹਿੰਦਿਆਂ ਵੀ ਕਈ ਮਸਲਿਆਂ ‘ਤੇ ਆਵਾਜ਼ ਚੁੱਕੀ ਸੀ, ਪਰ ਹੁਣ ਸੇਵਾ ਮੁਕਤ ਹੋਣ ਤੋਂ ਬਾਅਦ ਸਿੱਧੇ ਤੌਰ ‘ਤੇ ਸਿਸਟਮ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਇਹ ਬਿਆਨ SGPC ਦੇ ਪ੍ਰਬੰਧਾਂ ਅਤੇ ਬਾਦਲ ਪਰਿਵਾਰ ਦੀ ਨੀਤੀਆਂ ‘ਤੇ ਵੱਡਾ ਸਵਾਲੀਆ ਚਿੰਨ੍ਹ ਲਾਉਂਦਾ ਹੈ ਅਤੇ ਸਿੱਖ ਪੰਥ ਅੰਦਰ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ।