ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖੀ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਦਿਹਾੜੇ ਦਾ ਇਤਿਹਾਸ ਦੱਸਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਤੋਂ 52 ਰਾਜਿਆਂ ਨੂੰ ਮੁਕਤ ਕਰਵਾ ਕੇ “ਬੰਦੀ ਛੋੜ” ਦੀ ਮਿਸਾਲ ਕਾਇਮ ਕੀਤੀ। ਵਾਪਸੀ ‘ਤੇ ਸੰਗਤ ਨੇ ਘਿਓ ਦੇ ਦੀਵੇ ਤੇ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ, ਜਿਸ ਦੀ ਯਾਦ ਵਿਚ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ।
ਗਿਆਨੀ ਜੀ ਨੇ ਕਿਹਾ ਕਿ ਇਹ ਮੌਕਾ ਖੁਸ਼ੀ ਦਾ ਨਾਲ-ਨਾਲ ਗੁਰੂ ਜੀ ਦੇ ਬਲਿਦਾਨ ਤੇ ਮਨੁੱਖਤਾ ਲਈ ਕੀਤੇ ਉਪਕਾਰਾਂ ਦੀ ਯਾਦ ਵੀ ਹੈ। ਸੰਗਤ ਨੂੰ ਗੁਰੂਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੇਵਾ, ਸਮਰਪਣ ਤੇ ਸੱਚਾਈ ਦੇ ਰਾਹ ‘ਤੇ ਤੁਰਨਾ ਚਾਹੀਦਾ ਹੈ। ਵਿਕਾਰਾਂ ਦੀਆਂ ਜੰਜੀਰਾਂ ਤੋੜ ਕੇ ਸਤਿਗੁਰੂ ਸਾਨੂੰ ਅਸਲੀ ਮੁਕਤੀ ਦਿਵਾਉਂਦੇ ਹਨ।
ਹਰ ਸਾਲ ਵਾਂਗ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਨੂੰ ਵਿਸ਼ਾਲ ਦੀਪਮਾਲਾ ਤੇ ਸੁੰਦਰ ਆਤਿਸ਼ਬਾਜ਼ੀ ਹੋਵੇਗੀ, ਜਿਸ ਨਾਲ ਪੂਰਾ ਪਰਿਕਰਮਾ ਚਮਕ ਉਠੇਗਾ। ਲੱਖਾਂ ਸੰਗਤ ਹਾਜ਼ਰੀ ਭਰੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਦੀਵਾਲੀ ਪ੍ਰਦੂਸ਼ਣ-ਮੁਕਤ ਮਨਾਈ ਜਾਵੇ ਤਾਂ ਜੋ ਵਾਤਾਵਰਣ ਸਾਫ਼ ਰਹੇ ਅਤੇ ਸਿਹਤ ਨੂੰ ਨੁਕਸਾਨ ਨਾ ਪਹੁੰਚੇ।