Punjab

ਗਿਆਨੀ ਕੇਵਲ ਸਿੰਘ ਨੇ ਅਕਾਲੀ ਦਲ ਦੇ ਦੋਵੇਂ ਧੜਿਆ ‘ਤੇ ਕੱਸੇ ਤੰਜ, ਪੁੱਛੇ ਸਵਾਲ

ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਸਮੇਂ ਦੋ ਧੜੇ ਬਣੇ ਹੋਏ ਹਨ, ਇਸ ਨੂੰ ਲੈ ਕੇ ਗਿਆਨੀ ਕੇਵਲ ਸਿੰਘ ਨੇ ਚੁਟਕੀ ਲਈ ਹੈ। ਉਨ੍ਹਾਂ ਪ੍ਰੈਸ ਨੋਟ ਜਾਰੀ ਕਰਕੇ ਵੱਡੇ ਸਵਾਲ ਪੁੱਛੇ ਹਨ। ਉਨ੍ਹਾਂ ਲਿਖਿਆ ਹੈ ਕਿ ਵਰਤਮਾਨ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਨੇ ਸਿੱਖ ਸਮਾਜ ਅਤੇ ਪੰਜਾਬ ਵਿਚ ਆਪਣੇ ਆਪ ਨੂੰ ਸਿੱਖ ਨੁਮਾਇੰਦਾ ਸਿਆਸੀ ਧਿਰ ਵਜੋਂ ਵੱਡੇ ਹਿੱਸੇ ਤੇ ਪ੍ਰਭਾਵ ਸਥਾਪਿਤ ਕੀਤਾ ਸੀ। ਉਹ ਬੜੀ ਤੇਜ਼ੀ ਨਾਲ ਖੱਖੜੀ ਕਰੇਲੇ ਹੋ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸੌਦਾ ਸਾਦ ਨੂੰ ਮੁਆਫ਼ ਕਰ ਦੇਣ ਵਾਲੇ ਮਹਾਨ ਪੰਥਕ ਅਪਰਾਧ ਕਾਰਨ ਸਿੱਖ ਸਮਾਜ ਨੇ ਇਸ ਨੂੰ ਜ਼ਮੀਨ ਦੋਜ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਹੁਣ ਸਤਾਅ ਦੀ ਵੱਡੀ ਭੁੱਖ ਦੀ ਪੂਰਤੀ ਦੀ ਚਾਹਤ ਮਿੱਟੀ ਵਿਚ ਮਿਲਦੀ ਵੇਖ ਕਈ ਆਗੂ ਕਹਾਉਣ ਵਾਲੇ ਆਪਣੇ ਪ੍ਰਧਾਨ ਤੋਂ ਅਸਤੀਫਾ ਮੰਗਣ ਲੱਗੇ ਹਨ। ਇਹ ਸਿਆਸੀ ਦਲ ਬੁਰੀ ਤਰ੍ਹਾਂ ਦੁਫਾੜ ਹੋ ਗਿਆ ਹੈ।

ਵੱਖ ਹੋਏ ਆਗੂ ਇਸ ਰੌਂਅ ਵਿਚ ਹਨ ਕਿ ਅਸੀਂ ਇਹ ਸਾਬਤ ਕਰੀਏ ਕਿ ਅਸੀਂ ਤੇ ਕੋਈ ਗੁਨਾਹ ਹੀ ਨਹੀਂ ਕੀਤਾ। ਅਕਾਲ ਤਖਤ ‘ਤੇ ਜਾਣ ਦੀ ਗੱਲ ਕਰਕੇ ਖੁਦ ਨੂੰ ਦੋਸ਼ ਮੁਕਤ ਦਾ ਪਰਮਾਣ ਪੱਤਰ ਦੇਣ ਲਈ ਤੁਰੇ ਹੋਏ ਹਨ।

ਇਕ ਹਿੱਸਾ ਸੰਗਤ ਦਾ ਇਨ੍ਹਾਂ ਨੂੰ ਠੀਕ ਵੀ ਦੱਸਣ ਲੱਗਿਆ ਹੈ। ਸਿੱਖ ਸੰਗਤਾਂ ਇਸ ਮੌਕੇ ਪਹਿਲਾਂ ਤੋਂ ਵੱਡੇ ਪੱਧਰ ਤੇ ਫਿਕਰਮੰਦ ਹਨ, ਜਿਨ੍ਹਾਂ ਪੰਥਕ ਫਰਜਾਂ ਦੀ ਥਾਂ ਧਿਰ ਤੇ ਧੜੇ ਖਾਤਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਕੁਰਬਾਨੀ ਨਾਲ ਖੜੀਆਂ ਕੀਤੀਆਂ ਸੰਸਥਾਵਾਂ ਨੂੰ ਕਲੰਕਤ ਕੀਤਾ ਹੈ। ਉਹ ਫਿਰ ਕੌਮ ਨੂੰ ਹੋਰ ਗੁਮਰਾਹ ਕਰਨ ਤੁਰੇ ਹੋਏ ਹਨ। ਇਹ ਸਾਰੇ ਬਾਦਲ ਦਲ ਵਾਲੇ ਕੌਮ ਨੂੰ ਜਵਾਬ ਦੇਣ ਕਿ ਸਿੱਖ ਕੌਮ ਨਾਲ ਧੋਖਾ ਕਿਉਂ ਕੀਤਾ? ਕਿਸ ਦੇ ਕਹਿਣ ‘ਤੇ ਧੋਖਾ ਕੀਤਾ ਹੈ। ਸਿੱਖ ਸੰਗਤਾਂ ਇਨ੍ਹਾਂ ਸਾਰਿਆਂ ਪਾਸੋਂ ਕਈ ਤਰੀਕਿਆਂ ਜਵਾਬ ਮੰਗਣ ਦੀ ਤਿਆਰੀ ਵਿਚ ਲਗੀਆਂ ਹਨ। ਇਥੋਂ ਤੱਕ ਕਿ ਪੰਥਕ ਅਸੰਬਲੀ ਬੁਲਾਉਣ ਦੀਆਂ ਕਨਸੋਆਂ ਵੀ ਆ ਰਹੀਆਂ ਹਨ।

ਇਹ ਵੀ ਪੜ੍ਹੋ –  ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ‘ਚ ਸਰਕਾਰ ਨੇ ਕੀਤਾ ਬਦਲਾਅ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਨਿਯਮ