Punjab

ਸੇਵਾਵਾਂ ਖ਼ਤਮ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਅਹਿਮ ਬਿਆਨ

ਬਿਉਰੋ ਰਿਪੋਰਟ – ਗਿਆਨੀ ਹਰਪ੍ਰੀਤ ਸਿੰਘ ਦੀਆਂ ਅੱਜ ਅੰਤ੍ਰਿਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਉਨ੍ਹਾਂ ਬਿਆਨ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ 80 ਫੀਸਦੀ ਲੋਕ ਮੇਰੇ ਸੰਪਰਕ ਵਿਚ ਹਨ। ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਜਾਨ ਤੋਂ ਛੁੱਟੇ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਫਾਰਗ ਹੋਇਆ ਸੀ ਉਦੋਂ ਵੀ ਮੈਂ ਇਹੀ ਸ਼ਬਦ ਗਾਇਆ ਸੀ । ਉਨ੍ਹਾਂ ਨੇ ਕਿਹਾ ਕਿ ਇਵੇਂ ਹੀ ਹੋਣਾ ਸੀ ਮੈਨੂੰ 2 ਦਸੰਬਰ ਤੋਂ ਬਾਅਦ ਅਹਿਸਾਸ ਹੋਇਆ ਸੀ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ ਅਤੇ ਹੋ ਗਈਆ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੇਰੇ ਨਾਲ ਕੋਈ ਪਹਿਲੀ ਵਾਰ ਧੱਕਾ ਨਹੀ ਹੋਇਆ। ਜਦੋਂ ਧੱਕਾ ਕਰਨਾ ਹੋਵੇ ਫਿਰ ਮਰਿਆਦਾ ਨਹੀ ਦੇਖੀ ਜਾਂਦੀ। ਮੇਰੇ ਤੋਂ ਪਹਿਲਾਂ ਵੀ ਜਥੇਦਾਰਾਂ ਨਾਲ ਧੱਕੇਸ਼ਾਹੀ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ 2 ਦਸੰਬਰ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਮੇਰੀਆਂ ਸੇਵਾਵਾਂ ਖਤਮ ਹੋ ਜਾਣਗੀਆਂ ਪਰ ਮੈਨੂੰ ਦੁਖ ਨਹੀਂ ਹੈ ਮੈਂ ਹੁਣ ਪੰਥ ਜੋਗਾ ਰਹਿ ਗਿਆ ਹਾਂ ਤੇ ਜੋ ਵੀ ਹੋਇਆ ਹੈ ਉਹ ਠੀਕ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਵਿੱਖ ਦੀ ਯੋਜਨਾ ਬਾਰੇ ਅਕਾਲ ਪੁਰਖ ਨੂੰ ਹੀ ਪਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੂੰ SGPC ਨੇ ਉਨਾਂ ਦੇ ਰਿਸ਼ਤੇਦਾਰ ਵੱਲੋਂ 16 ਦਸੰਬਰ ਨੂੰ ਲਿਖਤੀ ਤੌਰ ਤੇ ਕੀਤੀ ਪਰਿਵਾਰਿਕ ਸ਼ਿਕਾਇਤ ‘ਤੇ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਸੀ ਤੇ ਜਾਂਚ ਕਮੇਟੀ ਬਿਠਾ ਦਿੱਤੀ ਸੀ, ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਉਸਦੇ ਵਿਆਹੁਤਾ ਜੀਵਨ ਨੂੰ ਖਰਾਬ ਕਰ ਦਿੱਤਾ। ਹਾਲਾਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸਾਡੂ ਦੇ ਸਾਰੇ ਇਲਜਾਮਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਸੀ ਕਿ ਉਨਾਂ ਨੂੰ ਜਾਣਬੁੱਝ ਕੇ ਇੱਕ ਸਿਆਸੀ ਪਾਰਟੀ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ – ਕੀ ਹੁਣ ਕੇਜਰੀਵਾਲ ਬਣਨਗੇ ਪੰਜਾਬ ਦੇ ਮੁੱਖ ਮੰਤਰੀ!