Punjab Religion

ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਵਿਧਾਇਕਾਂ ਨੂੰ ਲੈ ਕੇ ਕਹੀ ਵੱਡੀ ਗੱਲ……..

ਮੁਹਾਲੀ : ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨਟ ਭੰਗ ਕਰਨ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਵਿੱਚ ਸੜਕਾਂ ‘ਤੇ ਪਹੁੰਚ ਗਏ ਸਨ ਪਰ ਅੱਜ ਜਦੋਂ ਸਾਡੀ ਪੰਜਾਬ ਯੂਨੀਵਰਸਿਟੀ ਸਾਡੇ ਕੋਲੋਂ ਖੋਹੀ ਜਾ ਰਹੀ ਹੈ ਤਾਂ 95 ਵਿਧਾਇਕਾਂ ਵਿੱਚੋਂ ਕਿਸੇ ਇੱਕ ਨੇ ਵੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ ਕੋਈ ਬਿਆਨ ਨਹੀਂ ਦਿੱਤਾ।

ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਵਿੱਚ ਸੜਕਾਂ ‘ਤੇ ਪਹੁੰਚ ਗਏ ਸਨ ਅਤੇ ਪ੍ਰਦਰਸ਼ਨ, ਮੁਜ਼ਾਹਰੇ, ਗ੍ਰਿਫ਼ਤਾਰੀਆਂ… ਸਭ ਕੁਝ ਕੀਤਾ ਗਿਆ ਪਰ ਅੱਜ ਜਦੋਂ ਪੰਜਾਬ ਦੀ ਇਤਿਹਾਸਕ ਵਿਰਾਸਤ ‘ਪੰਜਾਬ ਯੂਨੀਵਰਸਿਟੀ’ ਸਾਡੇ ਕੋਲੋਂ ਖੋਹ ਲਈ ਗਈ ਤਾਂ ਉਹੀ 95 ਵਿਧਾਇਕਾਂ ਵੱਲੋਂ ਕੇਂਦਰ ਖ਼ਿਲਾਫ਼ ਕੋਈ ਪ੍ਰਦਰਸ਼ਨ ਛੱਡੋ, ਉਲਟਾ ਯੂਨੀਵਰਸਿਟੀ ਦੇ ਪੰਜਾਬ ਵਿਚਲੇ ਕਾਲਜਾਂ ਅੱਗੇ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ 95 ਵਿਧਾਇਕ ਹੋ ਕੇ ਵੀ ਕੇਂਦਰ ਤੋਂ ਹੱਕ ਲੈਣ ਲਈ ਖੜ੍ਹੇ ਨਹੀਂ ਹੋ ਸਕਦੇ ਤਾਂ ਇਸ ਬਹੁਮਤ ਦਾ ਪੰਜਾਬ ਨੂੰ ਕੀ ਲਾਭ? ਇਹ ਸਾਫ਼ ਸੁਨੇਹਾ ਹੈ ਪੂਰੀ ਸਹਿਮਤੀ ਅਤੇ ਮਿਲੀਭੁਗਤ ਨਾਲ ਪੰਜਾਬ ਦੀ ਤਾਕਤ ਨੂੰ ਪੰਜਾਬ ਤੱਕ ਸਿਮਟਾਇਆ ਜਾ ਰਿਹਾ ਹੈ ਤਾਂ ਜੋ ਸਾਡੀ ਲੜਾਈ ਕਦੇ ਦਿੱਲੀ ਦੇ ਦਰਵਾਜ਼ੇ ਤੱਕ ਨਾ ਪਹੁੰਚੇ।