ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮਾਮਲਿਆਂ ਉੱਤੇ ਵਿਚਾਰ-ਵਟਾਂਦਰੇ ਲਈ ਮਿਤੀ 28 ਜਨਵਰੀ 2025 ਨੂੰ ਰੱਖੀ ਗਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਸਿੰਘ ਸਾਹਿਬ ਦੇ ਕੁਝ ਨਿੱਜੀ ਰੁਝੇਵਿਆਂ ਕਾਰਨ ਮੁਲਤਵੀ ਕੀਤੀ ਗਈ ਹੈ।
ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਲਾਈਵ ਹੋ ਕੇ ਕਈ ਖੁਲਾਸੇ ਕੀਤੇ ਹਨ। ਇੱਕ ਵੀਡੀਓ ਸਾਂਝੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਮੀਟਿੰਗ ਵਿਚ ਗੁਰਮਤਿ ਦੀ ਰੌਸ਼ਨੀ ‘ਚ ਵੱਡੇ ਫ਼ੈਸਲੇ ਹੋ ਸਕਦੇ ਸਨ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਮੀਟਿੰਗ ਹੀ ਮੁਲਤਵੀ ਨਹੀਂ ਹੋਈ, ਸਗੋਂ ਮੇਰੇ ਖ਼ਿਲਾਫ਼ ਬਣੀ 3 ਮੈਂਬਰੀ ਕਮੇਟੀ ਵੱਲੋਂ ਪੜਤਾਲ ਵੀ ਤੇਜ਼ ਕਰ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਕਮੇਟੀ ਦੀ ਅਗਵਾਈ ਬਾਦਲਾਂ ਦੇ ਮੈਸੇਂਜਰ ਕਰ ਰਹੇ ਹਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢੇ ਹੋਏ ਲੀਡਰ ਇਸ ਦੀ ਸਰਪ੍ਰਸਤੀ ਕਰ ਰਹੇ ਹਨ। ਉਸ ਵੱਲੋਂ ਆਪਣੀ ਗੱਡੀ ਵਿਚ ਬਿਠਾ ਕੇ ਮੇਰੇ ਵਿਰੁੱਧ ਗਵਾਹ ਭੁਗਤਾਏ ਜਾ ਰਹੇ ਹਨ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ‘ਤੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਗਈ ਹੈ ਤੇ ਇੱਥੇ ਮੁਲਾਜ਼ਮਾਂ ‘ਤੇ ਦਬਾਅ ਪਾਇਆ ਗਿਆ ਕਿ ਮੇਰੇ ਵਿਰੁੱਧ ਲਿਖ ਕੇ ਦੇਣ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰੀਆਂ ਦੇ ਸਨਮੁਖ ਪੇਸ਼ ਹੋ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਦੇ ਆਖ਼ੇ ‘ਤੇ ਕਿਸੇ ਨੇ ਕੁਝ ਲਿਖ ਕੇ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੋ ਜਥੇਦਾਰ ਇਹਨਾਂ ਦੀ ਈਨ ਮੰਨਦੇ ਇਹਨਾਂ ਦੇ ਘਰ ਜਾ ਫੈਸਲੇ ਕਰਦੇ ਉਹ ਕਰੋੜਾਂ ਦਾ ਬਿਜਨਸ ਕਰਨ ਕੋਈ ਫਰਕ ਨਹੀਂ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਬਹੁਤ ਤੇਜ਼ੀ ਦੇ ਨਾਲ ਮੇਰੇ ਖ਼ਿਲਾਫ਼ ਪੜਤਾਲ ਨੂੰ ਅੱਗੇ ਵਧਾਇਆ ਜਾਵੇਗਾ ਤੇ ਆਉਣ ਵਾਲੇ ਕੁਝ ਦਿਨਾਂ ਵਿਚ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ 5 ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ “ਜਲਦੀ ਕਰੋ, ਮੇਰੇ ‘ਤੇ ਦੋਸ਼ ਲਾਓ, ਮੈਨੂੰ ਬਾਹਰ ਕੱਢੋ, ਮੇਰੀਆਂ ਸੇਵਾਵਾਂ ਖ਼ਤਮ ਕਰੋ।” ਉਨ੍ਹਾਂ ਨੇ ਕਿਹਾ ਕਿ -ਮੇਰੇ ਵਿਰੁੱਧ ਨੈਰੇਟਿਵ ਸਿਰਜ ਮੈਨੂੰ ਕੱਢਿਆ ਜਾਵੇਗਾ।