ਬਿਉਰੋ ਰਿਪੋਰਟ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਲਾਵਤਨ ਦਲ ਖ਼ਾਲਸਾ ਦੇ ਮੁਖੀ ਗਜਿੰਦਰ ਸਿੰਘ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਦਿਆਂ ਕਿਹਾ ਕਿ ਗਜਿੰਦਰ ਸਿੰਘ ਨੇ ਸਰਕਾਰ ਦੇ ਕੰਨ ਖੋਲ੍ਹਣ ਲਈ ਭਾਰਤੀ ਜਹਾਜ਼ ਅਗਵਾਹ ਕੀਤਾ ਸੀ, ਪਰ ਇਸ ਦੌਰਾਨ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕੀਤੀ ਸੀ, ਠੀਕ ਉਸੇ ਤਰ੍ਹਾਂ ਜਿਵੇਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਬੰਬ ਸੁੱਟਿਆ ਸੀ, ਪਰ ਉਨ੍ਹਾਂ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਇਸੇ ਤਰ੍ਹਾਂ ਹੀ ਗਜਿੰਦਰ ਸਿੰਘ ਵੀ ਜਹਾਜ਼ ਅਗਵਾਹ ਕਰਕੇ ਸਰਕਾਰ ਦੇ ਕੰਨਾਂ ਤੱਕ ਆਪਣੀਆਂ ਜਾਇਜ਼ ਮੰਗਾਂ ਪਹੁੰਚਾਉਣਾ ਚਾਹੁੰਦੇ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਹਮੇਸ਼ਾ ਦੇਸ਼ ਧ੍ਰੋਹੀ ਕਹਿ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਗਜਿੰਦਰ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਹੈ। ਉਨ੍ਹਾਂ ਨੇ ਲੰਮਾ ਸਮਾਂ ਬੇਵਤਨੇ ਹੋ ਕੇ ਗੁਜ਼ਾਰਿਆ, ਉਨ੍ਹਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਤਸਵੀਰ ਹਮੇਸ਼ਾ ਸਿੱਖਾਂ ਦੇ ਦਿਲਾਂ ਵਿੱਚ ਰਹੇਗੀ। ਉਨ੍ਹਾਂ ਕਿਹਾ ਕਿ ਗਜਿੰਦਰ ਸਿੰਘ ਸਾਡੇ ਕੌਮੀ ਯੋਧੇ ਹਨ, ਅਸੀਂ ਇਨ੍ਹਾਂ ਦਾ ਹਮੇਸ਼ਾ ਸਤਿਕਾਰ ਕਰਦੇ ਰਹਾਂਗੇ।
ਦਰਅਸਲ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਰਕੇ ਪਾਕਿਸਤਾਨ ਵਿੱਚ ਦਲ ਖ਼ਾਲਸਾ ਦੇ ਮੁਖੀ ਜਲਾਵਤਨ ਗਜਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੀ ਯਾਦ ’ਚ ਅੱਜ ਅੰਤਿਮ ਅਰਦਾਸ ਕਰਵਾਈ ਗਈ ਸੀ ਜਿੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਹੋਏ ਸਨ, ਉੱਥੇ ਉਨ੍ਹਾਂ ਇਹ ਬਿਆਨ ਦਿੱਤਾ ਹੈ।
ਦੱਸ ਦੇਈਏ ਸਤੰਬਰ 29, 1981 ਵਿੱਚ ਭਾਰਤੀ ਜਹਾਜ਼ ਨੂੰ ਅਗਵਾਹ ਕਰਕੇ ਗਜਿੰਦਰ ਸਿੰਘ ਉਸ ਨੂੰ ਲਾਹੌਰ ਲੈ ਗਏ ਸਨ, ਜਹਾਜ਼ ਵਿੱਚ 111 ਯਾਤਰੀ ਤੇ 6 ਕਰਿਊ ਮੈਂਬਰ ਸਵਾਰ ਸਨ, ਇਸ ਤੋਂ ਬਾਅਦ ਗਜਿੰਦਰ ਸਿੰਘ ਤੇ ਜਹਾਜ਼ ਹਾਈਜੈਕ ਕਰਨ ਦੇ ਇਲਜ਼ਾਮ ਲੱਗੇ ਸਨ।