Punjab Religion

ਸੁਖਬੀਰ ਬਾਦਲ ‘ਤੇ ਟੁੱਟ ਕੇ ਪੈ ਗਏ ਗਿਆਨੀ ਹਰਪ੍ਰੀਤ ਸਿੰਘ, ਸੁਣਾ ਦਿੱਤੀਆਂ ਖਰੀਆਂ-ਖਰੀਆਂ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ (ਭਗੌੜਾ ਗਰੁੱਪ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਬਿਨਾਂ ਨਾਮ ਲਏ ਸਖ਼ਤ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰਾਂ ਖ਼ਿਲਾਫ਼ ਬੋਲੇ ਸ਼ਬਦਾਂ ਨੂੰ “ਅਕਾਲ ਤਖ਼ਤ ’ਤੇ ਹਮਲਾ” ਤੇ “ਤੌਹੀਨ” ਦੱਸ ਰਹੇ ਨੇ, ਉਹ ਆਪਣੇ ਹੱਥੀਂ ਜਥੇਦਾਰਾਂ ਦੀਆਂ ਦਾੜ੍ਹੀਆਂ ਫੜੀਆਂ, ਉਨ੍ਹਾਂ ਦੇ ਕੱਪੜੇ ਲਾਹੇ, ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਨੰਗਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਉਸ ਸਾਹਮਣੇ ਸੀ.ਐੱਮ. ਦੇ ਲਫ਼ਜ਼ ਕੁਝ ਵੀ ਨਹੀਂ।

ਉਨ੍ਹਾਂ ਕਿਹਾ, “ਤੁਸੀਂ ਜਥੇਦਾਰਾਂ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ, ਉਨ੍ਹਾਂ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਤੇ ਗੈਰ-ਵਿਧਾਨਕ ਦੱਸਿਆ, ਪਰ ਅੱਜ ਉਹੀ ਸ਼ਬਦ ਜਦੋਂ ਕੋਈ ਹੋਰ ਬੋਲਦਾ ਹੈ ਤਾਂ ਤੁਹਾਨੂੰ ਅਕਾਲ ਤਖ਼ਤ ਦੀ ਬੇਅਦਬੀ ਦਿਸਣ ਲੱਗ ਪੈਂਦੀ ਹੈ। ਤੁਹਾਡੇ ਦੋਗਲੇ ਚਿਹਰੇ ਪੂਰੀ ਤਰ੍ਹਾਂ ਨੰਗੇ ਹੋ ਚੁੱਕੇ ਨੇ।”

ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸੀ.ਐੱਮ. ਦੇ ਬੋਲੇ ਸ਼ਬਦਾਂ ਦੀ ਹਿਮਾਇਤ ਨਹੀਂ ਕਰ ਰਹੇ, ਪਰ ਇਹ ਸ਼ਬਦ ਤਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਕਹੇ ਸਨ। ਫਿਰ ਉਸ ਵੇਲੇ ਤੁਸੀਂ ਚੁੱਪ ਕਿਉਂ ਸੀ?

ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵਿਧਾਇਕ ਅਮਨ ਅਰੋੜਾ ਦੇ ਨੰਗੇ ਸਿਰ ਵਿਧਾਨ ਸਭਾ ’ਚ ਬੈਠਣ ਨੂੰ ਬੇਅਦਬੀ ਦੱਸਣ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਇਹ ਬੇਮਤਲਬ ਦੀ ਗੱਲ ਹੈ। ਵਿਧਾਨ ਸਭਾ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ। ਜੇ ਹੁੰਦਾ ਤਾਂ ਨੰਗੇ ਸਿਰ ਬੈਠਣਾ ਬਹੁਤ ਵੱਡੀ ਬੇਅਦਬੀ ਹੁੰਦੀ। ਇਸ ਤਰ੍ਹਾਂ ਦੀਆਂ ਗੱਲਾਂ ਉਠਾ ਕੇ ਪੰਥ ਨੂੰ ਗੁਮਰਾਹ ਨਾ ਕੀਤਾ ਜਾਵੇ।”ਅੰਤ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਅਕਾਲ ਤਖ਼ਤ ਦੀ ਸਰਬੋਤਮੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਨੇ, ਉਨ੍ਹਾਂ ਨੇ ਹੀ ਸੰਸਥਾ ਨੂੰ 18-18 ਸਾਲ ਯਰਕੀ ਲਾ ਕੇ ਰੱਖਿਆ ਹੋਇਆ ਹੈ।