‘ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ (Jammu Kashmir) ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ (Gukam nabi Azad) ਨੇ ਕਾਂਗਰਸ (Congress) ਤੋਂ ਅਸਤੀਫ਼ਾ ਦੇਣ ਤੋਂ ਬਾਅਦ ਜੰਮੂ ਕਸ਼ਮੀਰ ਮੁੜਨ ਦਾ ਦਾਅਵਾ ਕਰਦਿਆਂ ਆਪਣੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਆਜ਼ਾਦ ਨੇ ਬੀਜੇਪੀ (BJP) ਵਿੱਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੇਰੇ ਵਿਰੋਧੀ ਪਿਛਲੇ ਤਿੰਨ ਸਾਲਾਂ ਤੋਂ ਕਹਿ ਰਹੇ ਹਨ ਕਿ ਮੈਂ ਭਾਜਪਾ ਵਿੱਚ ਜਾ ਰਿਹਾ ਹਾਂ। ਇੱਥੋਂ ਤੱਕ ਕਿ ਮੇਰੇ ਵਿਰੋਧੀਆਂ ਨੇ ਮੈਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਵੀ ਬਣਵਾ ਦਿੱਤਾ ਸੀ।
ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਹ ਨਵੀਂ ਪਾਰਟੀ ਬਣਾਉਣਗੇ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਜਾਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਆਪਣੀ ਪਾਰਟੀ ਬਣਾਵਾਂਗਾ। ਇਸ ਤੋਂ ਬਾਅਦ ਰਾਸ਼ਟਰੀ ਪੱਧਰ ਉੱਤੇ ਦੇਖਾਂਗੇ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਨਾਲ ਵਧੀਆ ਸਬੰਧ ਹੋਣ ਦਾ ਦਾਅਵਾ ਵੀ ਕੀਤਾ। ਅਸੀਂ ਸਾਰੀਆਂ ਪਾਰਟੀਆਂ ਦਾ ਸਨਮਾਨ ਕਰਦੇ ਹਾਂ।
ਉਨ੍ਹਾਂ ਨੇ ਆਪਣੇ ਅਸਤੀਫ਼ੇ ਵਿੱਚ ਰਾਹੁਲ ਗਾਂਧੀ ਉੱਤੇ ਲਾਏ ਗਏ ਦੋਸ਼ਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਨਿੱਜੀ ਆਧਾਰ ਉੱਤੇ ਉਨ੍ਹਾਂ ਦੇ ਗਾਂਧੀ ਪਰਿਵਾਰ ਨਾਲ ਬਹੁਤ ਵਧੀਆ ਰਿਸ਼ਤੇ ਹਨ। ਦਰਅਸਲ, ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਮੁਖੀ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਵਿੱਚ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ਰਾਹੁਲ ਗਾਂਧੀ ਆਪਣੇ ਆਸ ਪਾਸ ਗੈਰ ਤਜ਼ਰਬੇਕਾਰ ਲੋਕਾਂ ਨੂੰ ਰੱਖਦੇ ਹਨ ਅਤੇ ਸੀਨੀਅਰ ਨੇਤਾਵਾਂ ਨੂੰ ਸਾਈਡਲਾਇਨ ਕਰ ਦਿੱਤਾ ਹੈ। ਇੱਦਾਂ ਲੱਗਦਾ ਹੈ ਕਿ ਕਾਂਗਰਸ ਵਿੱਚ ਰਾਹੁਲ ਗਾਂਧੀ ਦੇ ਸੁਰੱਖਿਆਕਰਮੀ ਅਤੇ ਪਰਸਨਲ ਸਟਾਫ਼ ਹੀ ਸਾਰੇ ਫੈਸਲੇ ਲੈ ਰਹੇ ਹਨ।