The Khalas Tv Blog Punjab ਘੜੂੰਆਂ ਯੂਨੀਵਰਸਿਟੀ ਮਾਮਲਾ : ਵਿਦਿਆਰਥੀ ਉੱਤਰੇ ਸੜਕਾਂ ‘ਤੇ,ਰੋਸ ਪ੍ਰਦਰਸ਼ਨ
Punjab

ਘੜੂੰਆਂ ਯੂਨੀਵਰਸਿਟੀ ਮਾਮਲਾ : ਵਿਦਿਆਰਥੀ ਉੱਤਰੇ ਸੜਕਾਂ ‘ਤੇ,ਰੋਸ ਪ੍ਰਦਰਸ਼ਨ

ਮੁਹਾਲੀ : ਘੜੂੰਆਂ ਯੂਨੀਵਰਸਿਟੀ ਵਿੱਚ ਕਥਿਤ ਤੌਰ ‘ਤੇ ਹੋਸਟਲ ਵਿੱਚ ਕੁੜੀਆਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਵਿਦਿਆਰਥੀ ਹੁਣ ਸੜ੍ਹਕਾਂ ‘ਤੇ ਉਤਰ ਆਏ ਹਨ। ਇਸ ਚੱਲ ਰਹੇ ਤਣਾਅਪੂਰਨ ਮਾਹੌਲ ਵਿੱਚ ਪ੍ਰਸ਼ਾਸਨ ਨੇ ਕਿਸੇ ਵੀ ਤਰਾਂ ਦੀ ਅਣਹੋਣੀ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ ਤੇ ਇਸ ਗੱਲ ਤੋਂ ਵੀ ਸਾਫ਼ ਮਨਾ ਕੀਤਾ ਹੈ ਕਿ ਇਸ ਤਰਾਂ ਦੀ ਕੋਈ ਘਟਨਾ ਹੋਈ ਵੀ ਹੈ ਪਰ ਵਿਦਿਆਰਥੀ ਇਸ ਤੋਂ ਸੰਤੁਸ਼ਟ ਨਹੀਂ ਹਨ ਤੇ ਉਹਨਾਂ ਪੁਲਿਸ ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਖੁਦਕੁਸ਼ੀ ਤੇ ਅਸ਼ਲੀਲ ਵੀਡੀਉ ਬਣਾਏ ਜਾਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਹੋਸਟਲਾਂ ‘ਚੋਂ ਬਾਹਰ ਨਿਕਲ ਕੇ ਧਰਨਾ ਲਾ ਦਿੱਤਾ ਹੈ।

ਇਸ ਰੋਸ ਧਰਨੇ ਵਿੱਚ ਸਿਰਫ਼ ਕੁੜੀਆਂ ਹੀ ਨਹੀਂ ਸਗੋਂ ਮੁੰਡੇ ਵੀ ਸ਼ਾਮਲ ਹੋਏ ਹਨ। ਸਾਰੇ ਪ੍ਰਦਰਸ਼ਨ ਕਾਰੀ ਕਾਲੇ ਕਪੜੇ ਪਾ ਰੋਸ ਪ੍ਰਦਰਸ਼ਨ ‘ਤੇ ਬੈਠ ਗਏ ਹਨ।ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਸਥਿਤੀ ਨੂੰ ਸਹੀ ਬਣਾਏ ਰੱਖਣ ਲਈ ਸੁਰੱਖਿਆ ਵਧਾਈ ਗਈ ਹੈ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਤੇ ਵੱਡੇ ਇਲਜ਼ਾਮ ਲਗਾਏ ਹਨ । ਇਸ ਦੌਰਾਨ ਡਾ.ਅਰਵਿੰਦਰ ਸਿੰਘ ਕੰਗ,ਡਾਇਰੈਕਟਰ ਸਟੂਡੈਂਟ ਵੈਲਫੇਅਰ ਨੇ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨਾਂ ਤੋਂ ਇਲਾਵਾ ਐਸਐਸਪੀ ਮੁਹਾਲੀ ਵਿਵੇਕਸ਼ੀਲ ਸੋਨੀ ਨੇ ਵੀ ਧਰਨੇ ‘ਤੇ ਬੈਠੇ ਵਿਦਿਆਰਥੀਆਂ ਨੂੰ ਮਨਾਉਣਾ ਚਾਹਿਆ ਪਰ ਉਹ ਵੀ ਵਿਦਿਆਰਥੀਆਂ ਦੇ ਸਵਾਲਾਂ ਵਿੱਚ ਘਿਰਦੇ ਹੋਏ ਨਜ਼ਰ ਆਏ।

ਦਰਸਅਸਲ ਸ਼ਨਿਚਰਵਾਰ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਕੁੜੀਆਂ ਦੇ ਇਕ ਹੋਸਟਲ ਵਿੱਚ ਇਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਤੇ ਜਿਸ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਵੱਡੀ ਪੱਧਰ ’ਤੇ ਰੋਹ ਭੜਕ ਗਿਆ ਸੀ ਤੇ ਸਥਿਤੀ ਉਸ ਵੇਲੇ ਕੰਟਰੋਲ ਤੋਂ ਬਾਹਰ ਹੋ ਗਈ ਜਦੋਂ ਹੋਸਟਲ ਵਿੱਚ ਰਹਿਣ ਵਾਲੀ ਇਕ ਲੜਕੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਯੂਨੀਵਰਸਿਟੀ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਪਰ ਰੋਸ ਮੁਜ਼ਾਹਰੇ ਦੌਰਾਨ ਕੁਝ ਕੁੜੀਆਂ ਬੋਹੋਸ਼ ਜ਼ਰੂਰ ਹੋ ਗਈਆਂ ਸਨ।
ਯੂਨੀਵਰਸਿਟੀ ਦੇ ਕੁੜੀਆਂ ਦੇ ਇਕ ਹੋਸਟਲ ਵਿੱਚ ਰਹਿਣ ਵਾਲੀਆਂ ਤਿੰਨ ਲੜਕੀਆਂ ਨੇ ਵਾਰਡਨ ਕੋਲ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਹੋਸਟਲ ਵਿੱਚ ਰਹਿਣ ਵਾਲੇ ਕਿਸੇ ਲੜਕੀ ਵੱਲੋਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ ਹਨ।

Exit mobile version