ਮਾਨਸਾ : ਘੱਗਰ ਦਰਿਆ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮਾਨਸਾ ਜ਼ਿਲ੍ਹੇ ਵਿੱਚ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਸਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ। ਦੂਰ ਦੂਰ ਤੱਕ ਪਾਣੀ ਹੀ ਪਾਣੀ ਇਕੱਠਾ ਹੋਇਆ ਪਿਆ ਹੈ, ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਰਿਆਣਾ ਦੇ ਕੁਝ ਪਿੰਡਾਂ ਸਿਧਾਣੀ, ਬਹਾਦਰਗੜ੍ਹ ਆਦਿ ਵਿੱਚ ਘੱਗਰ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਗੋਰਖਨਾਤ, ਕੁੱਲਰੀਆਂ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।
ਇਨੀਂ ਦਿਨੀਂ ਇਸ ਪਾਣੀ ਵਿੱਚ ਜ਼ਹਿਰੀਲਾ ਪ੍ਰਦੂਸ਼ਣ ਵਾਲਾ ਪਾਣੀ ਆਉਂਦਾ ਹੈ, ਜਿਸ ਨਾਲ ਕਈ ਬਿਮਾਰੀਆਂ ਵੀ ਨਾਲ ਹੀ ਆਉਂਦੀਆਂ ਹਨ। ਇਸ ਪਾਣੀ ਕਾਰਨ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਹਨ। ਪਿੰਡਵਾਸੀਆਂ ਨੇ ਦੱਸਿਆ ਕਿ ਤਿੰਨ ਤੋਂ ਚਾਰ ਫੁੱਟ ਪਾਣੀ ਖੜਿਆ ਹੈ ਅਤੇ ਪਾਣੀ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਲੋਕ ਆਪਣੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਸਰਕਾਰੀ ਸਹਾਇਤਾ ਤੋਂ ਬਿਨਾਂ ਟਰੈਕਟਰ ਟਰਾਲੀਆਂ ਲਿਆ ਕੇ ਮਿੱਟੀ ਦੇ ਨਾਲ ਬੰਨ੍ਹ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿਉਂਕਿ ਘੱਗਰ ਹਰ ਵਾਰ ਇਸ ਇਲਾਕੇ ਵਿੱਚ ਮਾਰ ਕਰਦਾ ਹੈ। ਪਿੰਡਵਾਸੀਆਂ ਨੇ ਦੱਸਿਆ ਕਿ ਘੱਗਰ ਦੇ ਇਸ ਪਾਣੀ ਦੇ ਨਾਲ ਖੂੰਖਾਰ, ਖ਼ਤਰਨਾਕ ਜਾਨਵਰ, ਕੀਟ ਮਕੌੜੇ, ਮਗਰਮੱਛ ਰੁੜ ਕੇ ਪਿੰਡਾਂ ਵਿੱਚ ਜਾ ਰਹੇ ਹਨ।