Punjab

ਇਸ ਸਿੱਖ ਦੀ ਮੁਹਾਲੀ ਵਾਲੀ ਫੈਕਟਰੀ ‘ਚੋਂ ਲਉ ਮੁਫਤ ਸਿਲੰਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਦੀ ਹਾਈਟੈੱਕ ਇੰਡਸਟਰੀਜ਼ ਲਿਮੀਟਿਡ ਨਾਂ ਦੀ ਫੈਕਟਰੀ ਵੱਲੋਂ ਲੋੜਵੰਦ ਲੋਕਾਂ ਨੂੰ ਮੁਫਤ ਵਿੱਚ ਆਕਸੀਜਨ ਸਿਲੰਡਰ ਦਿੱਤੇ ਜਾ ਰਹੇ ਹਨ।  ਫੈਕਟਰੀ ਦੇ ਮਾਲਕ ਆਰ.ਐੱਸ. ਸਚਦੇਵਾ ਨੇ ਕਿਹਾ ਕਿ ਇਸ ਫੈਕਟਰੀ ਨੂੰ 28 ਸਾਲ ਹੋ ਗਏ ਹਨ। 5-6 ਸਾਲ ਪਹਿਲਾਂ ਤੋਂ ਅਸੀਂ ਲੋੜਵੰਦ ਲੋਕਾਂ ਨੂੰ ਮੁਫਤ ਵਿੱਚ ਮੈਡੀਕਲ ਆਕਸੀਜਨ ਦੇਣਾ ਸ਼ੁਰੂ ਕੀਤਾ ਅਤੇ ਜੋ ਮਰੀਜ਼ ਕੈਂਸਰ, ਸਾਹ ਦੀ ਸਮੱਸਿਆ ਜਾਂ ਅਸਥਮਾ ਦੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਦੇ ਘਰਾਂ ਵਿੱਚ ਅਸੀਂ ਮੁਫਤ ਆਕਸੀਜਨ ਸਿਲੰਡਰ ਦਿੰਦੇ ਹਾਂ ਅਤੇ ਇਸ ਕੰਮ ਵਾਸਤੇ ਅਸੀਂ ਇੱਕ ਬੰਦਾ ਵੀ ਰੱਖਿਆ ਹੈ, ਜੋ ਘਰਾਂ ਵਿੱਚ ਜਾ ਕੇ ਇਹ ਸਿਲੰਡਰ ਲਗਾ ਕੇ ਆਉਂਦਾ ਹੈ। ਹੁਣ ਕਰੋਨਾ ਮਹਾਂਮਾਰੀ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਕਸੀਜਨ ਸਿਲੰਡਰਾਂ ਦਾ ਘਾਟ ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਜਿੰਨੇ ਵੀ ਟ੍ਰਾਈਸਿਟੀ ਜਾਂ ਬਾਹਰਲੇ ਸੂਬੇ ਜਿਵੇਂ ਹਿਮਾਚਲ ਪ੍ਰਦੇਸ਼ ਤੋਂ ਲੋੜਵੰਦ ਲੋਕ ਆਉਂਦੇ ਹਨ, ਉਨ੍ਹਾਂ ਨੂੰ ਮੁਫਤ ਆਕਸੀਜਨ ਸਿਲੰਡਰ ਦਿੱਤੀ ਜਾ ਰਹੀ ਹੈ। ਸਚਦੇਵਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਮਹੀਨੇ ਦਾ ਡੇਢ ਸੌ ਸਿਲੰਡਰ ਲੱਗਦਾ ਸੀ ਅਤੇ ਹੁਣ ਕਰੋਨਾ ਮਹਾਂਮਾਰੀ ਦੌਰਾਨ ਰੋਜ਼ਾਨਾ ਸੌ ਸਿਲੰਡਰ ਲੱਗਦਾ ਹੈ।

ਲੋਕ ਵਾਪਸ ਨਹੀਂ ਕਰ ਰਹੇ ਸਿਲੰਡਰ

ਆਰ.ਐੱਸ. ਸਚਦੇਵਾ ਨੇ ਕਿਹਾ ਕਿ ਸਾਡੇ ਸਾਹਮਣੇ ਹੁਣ ਇਹ ਮੁਸ਼ਕਿਲ ਆ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਕਸੀਜਨ ਸਿਲੰਡਰ ਦਿੱਤੇ ਸਨ, ਉਹ ਲੋਕ ਹੁਣ ਕਰੋਨਾ ਦੇ ਡਰ ਕਾਰਨ ਸਿਲੰਡਰ ਵਾਪਸ ਨਹੀਂ ਕਰ ਰਹੇ, ਹਾਲਾਂਕਿ, ਉਹ ਠੀਕ ਵੀ ਹੋ ਗਏ ਹਨ।, ਜਿਸ ਕਰਕੇ ਸਿਲੰਡਰਾਂ ਦੀ ਸਾਡੇ ਕੋਲ ਕਮੀ ਆ ਗਈ ਹੈ ਅਤੇ ਨਵੇਂ ਸਿਲੰਡਰ ਸਾਨੂੰ ਮਿਲ ਨਹੀਂ ਰਹੇ। ਇਸ ਲਈ ਅਸੀਂ ਲੋੜਵੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੋਈ ਵੀ ਸਿਲੰਡਰ ਲੈ ਆਉਣ, ਭਾਵੇਂ ਉਹ ਕਿਸੇ ਇੰਡਸਟਰੀ ਜਾਂ ਫੈਕਟਰੀ ਤੋਂ ਸਿਲੰਡਰ ਮੰਗ ਕੇ ਲੈ ਆਉਣ, ਅਸੀਂ ਉਨ੍ਹਾਂ ਨੂੰ ਮੁਫਤ ਵਿੱਚ ਆਕਸੀਜਨ ਭਰ ਕੇ ਦੇ ਦੇਵਾਂਗੇ। ਇਹ ਸਹੂਲਤ 24 ਘੰਟਿਆਂ ਲਈ ਖੁੱਲ੍ਹੀ ਹੈ ਅਤੇ ਜੋ ਵੀ ਵਿਅਕਤੀ ਸਿਲੰਡਰ ਭਰਵਾਉਣ ਲਈ ਆਉਂਦਾ ਹੈ, ਅਸੀਂ ਉਸਨੂੰ 15 ਮਿੰਟਾਂ ਵਿੱਚ ਸਿਲੰਡਰ ਭਰ ਕੇ ਦੇ ਦਿੰਦੇ ਹਾਂ।

ਕੀ ਹੈ ਸਿਲੰਡਰ ਦੀ ਕੀਮਤ ?

ਆਰ.ਐੱਸ. ਸਚਦੇਵਾ ਨੇ ਕਿਹਾ ਕਿ ਅਸੀਂ ਆਕਸੀਜਨ ਲੋਕਾਂ ਨੂੰ ਮੁਫਤ ਦਿੰਦੇ ਹਾਂ ਪਰ ਸਿਲੰਡਰ ਦੀ ਕੀਮਤ ਜ਼ਿਆਦਾ ਹੋਣ ਕਰਕੇ ਅਸੀਂ ਲੋਕਾਂ ਤੋਂ ਪਹਿਲਾਂ ਪੰਜ ਹਜ਼ਾਰ ਰੁਪਏ ਸਿਕਿਊਰਿਟੀ ਲੈਂਦੇ ਸੀ ਪਰ ਹੁਣ 6500 ਰੁਪਏ ਸਿਕਿਊਰਿਟੀ ਲੈਂਦੇ ਹਾਂ।

ਕਿਵੇਂ ਦਿੰਦੇ ਹਨ ਸਿਲੰਡਰ ?

ਆਰ.ਐੱਸ. ਸਚਦੇਵਾ ਨੇ ਕਿਹਾ ਕਿ ਜੋ ਵੀ ਸਿਲੰਡਰ ਲੈਣ ਲਈ ਆਉਂਦਾ ਹੈ, ਉਸਦਾ ਪਛਾਣ ਪੱਤਰ ਲਿਆ ਜਾਂਦਾ ਹੈ, ਉਸ ਕੋਲੋਂ ਦਸਤਖਤ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਆਦਮੀ ਦਿਨ ਵਿੱਚ ਤਿੰਨ-ਤਿੰਨ ਵਾਰ ਆ ਜਾਂਦੇ ਹਨ।

ਕਿੱਥੇ ਹੈ ਇਹ ਫੈਕਟਰੀ ?

ਇਹ ਫੈਕਟਰੀ ਮੁਹਾਲੀ ਦੇ 9 ਫੇਸ, ਇੰਡਸਟਰੀਅਲ ਏਰੀਆ ਵਿੱਚ ਸਥਿਤ ਹੈ। ਇੱਥੇ ਲੋੜਵੰਦਾਂ ਨੂੰ ਮੁਫਤ ਵਿੱਚ ਆਕਸੀਜਨ ਸਿਲੰਡਰ ਦਿੱਤੇ ਜਾਂਦੇ ਹਨ।