International

ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ‘ਤੇ ਜਰਮਨੀ ਨੇ ਭਾਰਤ ਦੇ ਲੋਕਤੰਤਰ ‘ਤੇ ਕੱਸਿਆ ਤੰਜ

‘ਦ ਖਾਲਸ ਬਿਊਰੋ:ਪੱਤਰਕਾਰ ਜ਼ੁਬੈਰ ਦੀ ਗ੍ਰਿਫਤਾਰੀ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਜਰਮਨੀ ਨੇ ਭਾਰਤੀ ਲੋਕਤੰਤਰ ‘ਤੇ ਤੰਜ ਕਸਿਆ ਹੈ। ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ,“ਭਾਰਤ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ ਹੈ। ਅਜਿਹੀ ਸਥਿਤੀ ਵਿੱਚ ਉਸ ਤੋਂ ਪ੍ਰਗਟਾਵੇ ਅਤੇ ਪ੍ਰੈਸ ਦੀ ਆਜ਼ਾਦੀ ਵਰਗੀਆਂ ਜਮਹੂਰੀ ਕਦਰਾਂ-ਕੀਮਤਾਂ ਦੀ ਆਸ ਰੱਖੀ ਜਾਂਦੀ ਹੈ। ਪ੍ਰੈਸ ਨੂੰ ਲੋੜੀਂਦੀ ਥਾਂ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਪ੍ਰਗਟਾਵੇ ਦੀ ਆਜ਼ਾਦੀ ਲਈ ਵਚਨਬੱਧ ਹਾਂ। ਅਸੀਂ ਦੁਨੀਆ ਭਰ ਵਿੱਚ ਪ੍ਰੈਸ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ। ਇਹ ਉਹ ਚੀਜ਼ ਹੈ ਜੋ ਬਹੁਤ ਮਹੱਤਵ ਰੱਖਦੀ ਹੈ ਅਤੇ ਇਹ ਭਾਰਤ ਵਿੱਚ ਵੀ ਲਾਗੂ ਹੁੰਦਾ ਹੈ।
ਪੱਤਰਕਾਰੀ ‘ਤੇ ਪਾਬੰਦੀ ਚਿੰਤਾ ਦਾ ਵਿਸ਼ਾ ਹੈ। ਪੱਤਰਕਾਰਾਂ ਨੂੰ ਬੋਲਣ ਅਤੇ ਲਿਖਣ ਲਈ ਜੇਲ੍ਹ ਵਿੱਚ ਨਹੀਂ ਸੁੱਟਿਆ ਜਾ ਸਕਦਾ।
ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ”ਸਾਡੇ ਕੋਲ ਭਾਰਤ ‘ਚ ਉਸ ਗ੍ਰਿਫਤਾਰੀ ਦੀ ਜਾਣਕਾਰੀ ਹੈ। ਨਵੀਂ ਦਿੱਲੀ ਵਿੱਚ ਸਾਡਾ ਦੂਤਘਰ ਇਸ ਨੂੰ ਦੇਖ ਰਿਹਾ ਹੈ। ਅਸੀਂ ਇਸ ਮਾਮਲੇ ‘ਤੇ ਯੂਰੋਪੀ ਸੰਘ ਦੇ ਸੰਪਰਕ ਵਿੱਚ ਵੀ ਹਾਂ। ਯੂਰਪੀ ਸੰਘ ਦੀ ਭਾਰਤ ਨਾਲ ਮਨੁੱਖੀ ਅਧਿਕਾਰਾਂ ‘ਤੇ ਗੱਲਬਾਤ ਚੱਲ ਰਹੀ ਹੈ। ਇਸ ਵਿੱਚ ਪ੍ਰਗਟਾਵੇ ਅਤੇ ਪ੍ਰੈਸ ਦੀ ਆਜ਼ਾਦੀ ਹੈ।
ਜਰਮਨੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਇਹ ਕਿਹਾ ਹੈ ਕਿ ਜਰਮਨੀ ਪ੍ਰੈਸ ਦੀ ਆਜ਼ਾਦੀ ਬਾਰੇ ਬੋਲਦਾ ਰਹਿੰਦਾ ਹੈ ਅਤੇ ਕਿਤੇ ਵੀ ਪੱਤਰਕਾਰਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਾ ਹੈ।
ਤੁਹਾਨੂੰ ਦੱਸ ਦਈਏ ਕਿ ਹਾਲੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ਵਿੱਚ ਹੋਈ ਜੀ-7 ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ,ਜਿਸ ਵਿੱਚ ਭਾਰਤ ਤੋਂ ਇਲਾਵਾ ਇੰਡੋਨੇਸ਼ੀਆ, ਅਰਜਨਟੀਨਾ, ਦੱਖਣੀ ਅਫਰੀਕਾ ਅਤੇ ਸੇਨੇਗਲ ਨੂੰ ਵੀ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ,ਇਸ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਤਾਂਤਰਿਕ ਮੁੱਲਾਂ ਦੀ ਵਕਾਲਤ ਕੀਤੀ ਸੀ।