ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ SGPC ਦੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਲਿਆਂਦੇ ਗਏ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਇਸ ਮੌਕੇ ਧਾਮੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ 1925 ਵਿੱਚ ਕੀਤੀ ਸੋਧ ਵਾਪਸ ਨਾ ਲਈ ਤਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰ ਕੇ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਅੱਜ ਸ਼੍ਰੋਮਣੀ ਕਮੇਟੀ ਦੇ ਸਪੈਸ਼ਲ ਇਜਲਾਸ ਵਿਚ ਉਹਨਾਂ ਇਸ ਬਾਬਤ ਮਤਾ ਪੇਸ਼ ਕੀਤਾ, ਜਿਸ ਵਿਚ ਇਹ ਵੀ ਮੰਗ ਕੀਤੀ ਗਈ ਕਿ ਕੇਸਾਂ ਅਤੇ ਦਾੜੀ ਬਾਰੇ ਬੇਅਦਬੀ ਭਰੇ ਸ਼ਬਦ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਗਤਾਂ ਦੇ ਨਾਂ ਬੇਅਦਬੀ ਨਾਲ ਲੈਣ ਲਈ ਪ੍ਰਿੰਸੀਪਲ ਬੁੱਧਰਾਮ ਮੁਆਫੀ ਮੰਗਣ।
ਸੀਐੱਮ ਮਾਨ ਦੇ ਨਾਂ ਨਾਲੋਂ ਸਿੰਘ ਸ਼ਬਦ ਹਟਾਇਆ
ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸੱਦੇ ਗਏ ਸਪੈਸ਼ਲ ਸੈਸ਼ਨ ਵਿਚ ਜਦੋਂ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਤਾ ਪੇਸ਼ ਕੀਤਾ ਤਾਂ ਉਸ ਵਿਚ ਨਾਂ ਭਗਵੰਤ ਸਿੰਘ ਮਾਨ ਪੜ੍ਹਿਆ। ਇਸ ’ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਜਤਾਇਆ ਕਿ ਜਦੋਂ ਭਗਵੰਤ ਮਾਨ ਆਪਣੇ ਨਾਂ ਨਾਲ ’ਸਿੰਘ’ ਸ਼ਬਦ ਨਹੀਂ ਲਗਾਉਂਦੇ ਤਾਂ ਫਿਰ ਮਤੇ ਵਿਚ ਵੀ ’ਸਿੰਘ’ ਸ਼ਬਦ ਉਹਨਾਂ ਦੇ ਨਾਂ ਨਾਲ ਨਾ ਜੋੜਿਆ ਜਾਵੇ। ਇਸ ’ਤੇ ਐਡਵੋਕੇਟ ਧਾਮੀ ਨੇ ਤੁਰੰਤ ਸੋਧ ਸਵੀਕਾਰ ਕਰਦਿਆਂ ਕਿਹਾ ਕਿ ਇਸ ਵਿੱਚੋਂ ’ਸਿੰਘ’ ਸ਼ਬਦ ਕੱਟਿਆ ਜਾਂਦਾ ਹੈ ਤੇ ਇਸਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਇਸ ਮੌਕੇ SGPC ਦੇ ਵੱਖਰੇ ਚੈਨਲ ਦੀ ਹਮਾਇਤ ਕਰਦਿਆਂ ਕਿਹਾ ਕਿ ਹਰੇਕ ਚੈਨਲ ਦਾ ਆਪਣਾ ਵੱਖਰਾ ਵੱਖਰਾ ਚੈਨਲ ਹੈ, ਇਸ ਲਈ ਸਿੱਖਾਂ ਕੋਲ ਤਾਂ ਏਨੀ ਸ਼ਕਤੀ ਹੈ ਕਿ 10-10 ਚੈਨਲ ਚਲਾਏ ਜਾ ਸਕਦੇ ਹਨ, ਬਸ ਸਿੱਖਾਂ ਨੂੰ ਆਵਾਜ਼ ਮਾਰਨ ਦੀ ਜ਼ਰੂਰਤ ਹੈ।