‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ SGPC ਦੇ ਜਨਰਲ ਇਜਲਾਸ ਨੂੰ 10 ਕੁ ਦਿਨ ਅੱਗੇ ਪਾਉਣ ਦੀ ਅਪੀਲ ਕੀਤੀ ਹੈ। ਦਰਅਸਲ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸ਼੍ਰੋਮਣੀ ਕਮੇਟੀ ਵੱਲੋਂ 9 ਨਵੰਬਰ ਨੂੰ ਜਨਰਲ ਇਜਲਾਸ ਸੱਦਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ 8 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਉਸ ਦਿਨ ਬਹੁਤ ਸਾਰੇ ਕਮੇਟੀ ਮੈਂਬਰ, ਜਥੇਦਾਰ, ਸਿੰਘ ਸਾਹਿਬਾਨ ਨੇ ਵੱਖ ਵੱਖ ਪ੍ਰੋਗਰਾਮ ਬਣਾਏ ਹੁੰਦੇ ਹਨ। ਕੋਈ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਵਿਦੇਸ਼ ਗਏ ਹੋਣਗੇ ਅਤੇ ਕਈਆਂ ਦਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਜਾਣ ਦਾ ਪ੍ਰੋਗਰਾਮ ਹੈ। ਇਸ ਕਰਕੇ ਉਨ੍ਹਾਂ ਨੂੰ ਵਾਪਸ ਆਉਣ ਵਿੱਚ ਕੁਝ ਦਿਨ ਲੱਗਣਗੇ ਜਿਸ ਕਰਕੇ ਉਹ 9 ਨਵੰਬਰ ਨੂੰ ਇਜਲਾਸ ਵਿੱਚ ਸ਼ਾਮਿਲ ਹੋਣ ਤੋਂ ਅਸਮਰੱਥ ਹੋ ਜਾਣਗੇ। ਇਸ ਕਰਕੇ ਜਨਰਲ ਇਜਲਾਸ ਨੂੰ ਕੁਝ ਦਿਨ ਅੱਗੇ ਪਾਇਆ ਜਾਵੇ।
